ਮਿਡਲ ਈਸਟ ਦੀ ਜੰਗ, ਜੋ ਪਿਛਲੇ 2-3 ਦਿਨਾਂ ਤੋਂ ਮੁੜ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਸੀ, ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਰਾਨ ਦੇ ਖ਼ਤਮ ਅਲ ਅਨਬੀਆ ਫੌਜੀ ਹਾਈਕਮਾਂਡ ਨੇ ਫੌਜੀ ਕਾਰਵਾਈਆਂ ਤੁਰੰਤ ਰੋਕਣ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਵੱਲੋਂ ਇਰਾਨ ਜਾਂ ਲਿਬਨਾਨ 'ਤੇ ਦੁਬਾਰਾ ਹਮਲਾ ਕੀਤਾ ਗਿਆ ਤਾਂ ਉਨ੍ਹਾਂ ਦਾ ਹੋਰ ਸਖ਼ਤੀ ਨਾਲ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਰਾਨ ਨੇ ਐਤਵਾਰ ਨੂੰ ਹੀ ਇਜ਼ਰਾਈਲ ਨੇ ਲਿਬਨਾਨ ਦੇ ਬੈਰੂਤ 'ਤੇ ਮਿਜ਼ਾਈਲ ਹਮਲੇ ਕੀਤੇ ਸਨ, ਜਿਸ ਮਗਰੋਂ ਇਰਾਨ ਨੇ ਲਿਬਨਾਨ ਦੇ ਸਮਰਥਨ 'ਚ ਇਜ਼ਰਾਈਲ 'ਤੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ। ਇਸ ਹਮਲੇ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਮੁੜ ਜੰਗ ਛਿੜਨ ਦਾ ਖ਼ਤਰਾ ਪੈਦਾ ਹੋ ਗਿਆ ਸੀ।
ਇਰਾਨੀ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੰਗਬੰਦੀ ਦੀ ਉਲੰਘਣਾ ਕਰਨ ਵਾਲੇ ਦੇਸ਼ ਖ਼ਿਲਾਫ਼ ਵੀ ਵੱਡੀ ਤੇ ਖ਼ਤਰਨਾਕ ਕਾਰਵਾਈ ਕੀਤੀ ਜਾਵੇਗੀ। ਇਰਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਜੰਗਬੰਦੀ ਇਰਾਨ ਦੇ ਨਾਲ-ਨਾਲ ਲਿਬਨਾਨ 'ਤੇ ਵੀ ਲਾਗੂ ਹੈ ਤੇ ਜੇਕਰ ਲਿਬਨਾਨ 'ਤੇ ਕੋਈ ਵੀ ਹਮਲਾ ਹੋਇਆ ਤਾਂ ਉਸ ਦੇ ਜਵਾਬ 'ਚ ਵੀ ਇਰਾਨ ਜਵਾਬੀ ਕਾਰਵਾਈ ਕਰੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਰਾਨੀ ਹਮਲਿਆਂ ਮਗਰੋਂ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਹ ਇਰਾਨ ਖ਼ਿਲਾਫ਼ ਜਵਾਬੀ ਕਾਰਵਾਈ ਨਾ ਕਰਨ, ਨਹੀਂ ਤਾਂ ਇਹ ਜੰਗ ਮੁੜ ਤੋਂ ਭਿਆਨਕ ਰੂਪ ਧਾਰਨ ਕਰ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਇਹ ਹਮਲੇ ਕਿੰਨੀ ਦੇਰ ਤੱਕ ਰੁਕੇ ਰਹਿੰਦੇ ਹਨ। ਕੀ ਇਸ ਜੰਗ ਦਾ ਕੋਈ ਸਥਾਈ ਹੱਲ ਨਿਕਲਦਾ ਹੈ ਜਾਂ ਫ਼ਿਰ ਦੁਬਾਰਾ ਹਮਲੇ ਸ਼ੁਰੂ ਹੋਣਗੇ।