ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) (ਪ੍ਰੀਤ ਪੱਤੀ) : ਸੀਨੀਅਰ ਕਪਤਾਨ ਪੁਲਿਸ ਸ੍ਰੀ ਹਰਮਨਦੀਪ ਸਿੰਘ ਹਾਂਸ ਅਤੇ ਕਪਤਾਨ ਪੁਲਿਸ ਟ੍ਰੈਫਿਕ ਸ੍ਰੀ ਨਵਨੀਤ ਸਿੰਘ ਮਾਹਲ, ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਪ ਕਪਤਾਨ ਪੁਲਿਸ ਟ੍ਰੈਫਿਕ ਸ੍ਰੀ ਕਰਨੈਲ ਸਿੰਘ, ਵੱਲੋਂ ਅੱਜ ਮੈਕਸੀਮ ਮੈਰੀ ਸਕੂਲ, ਖਰੜ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦੌਰਾਨ ਸ੍ਰੀ ਕਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਨਸ਼ਾ ਵੇਚਣ ਜਾਂ ਨਸ਼ਾ ਕਰਨ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਵਟਸਐਪ ਨੰਬਰ 9779100200, ਪੁਲਿਸ ਹੈਲਪਲਾਈਨ 112 ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ’ਤੇ ਜਾਣਕਾਰੀ ਦੇ ਸਕਦਾ ਹੈ। ਇਸ ਨਾਲ ਨਸ਼ਾ ਤਸਕਰਾਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਾਲ-ਨਾਲ ਨਸ਼ੇ ਦੀ ਲਤ ਤੋਂ ਪੀੜਤ ਵਿਅਕਤੀਆਂ ਨੂੰ ਇਲਾਜ ਅਤੇ ਜਾਗਰੂਕਤਾ ਸੇਵਾਵਾਂ ਨਾਲ ਜੋੜਨ ਵਿੱਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਨਸ਼ਾ ਵਿਅਕਤੀ, ਪਰਿਵਾਰ ਅਤੇ ਸਮਾਜ ਲਈ ਗੰਭੀਰ ਨੁਕਸਾਨਦਾਇਕ ਹੈ ਅਤੇ ਇਸ ਦੇ ਮਾੜੇ ਪ੍ਰਭਾਵਾਂ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਉਪ ਕਪਤਾਨ ਪੁਲਿਸ ਟ੍ਰੈਫਿਕ ਵੱਲੋਂ ਵਿਦਿਆਰਥੀਆਂ ਅਤੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਗਿਆ ਕਿ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਾਰਨ ਕੀਮਤੀ ਮਨੁੱਖੀ ਜਾਨਾਂ ਦੇ ਨਾਲ-ਨਾਲ ਮਾਲੀ ਨੁਕਸਾਨ ਵੀ ਹੁੰਦਾ ਹੈ। ਉਨ੍ਹਾਂ ਖਾਸ ਤੌਰ ’ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਵਾਹਨ ਚਲਾਉਣ ਦੇ ਮਾਮਲੇ ਵਿੱਚ ਮਾਪਿਆਂ ਅਤੇ ਵਾਹਨ ਮਾਲਕਾਂ ਨੂੰ ਕਾਨੂੰਨੀ ਪ੍ਰਬੰਧਾਂ ਦੀ ਪਾਲਣਾ ਕਰਨ ਲਈ ਸੁਚੇਤ ਕੀਤਾ। ਉਨ੍ਹਾਂ ਦੱਸਿਆ ਕਿ ਨਾਬਾਲਗ ਵੱਲੋਂ ਵਾਹਨ ਚਲਾਉਣ ਦੀ ਸੂਰਤ ਵਿੱਚ ਮਾਪਿਆਂ/ਵਾਹਨ ਮਾਲਕਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਦੇ ਨਾਲ ਹੀ ਵਾਹਨ ਚਾਲਕਾਂ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ ‘ਗੁੱਡ ਸਮਾਰਿਟਨ’ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੜਕ ਹਾਦਸੇ ਵਿੱਚ ਜ਼ਖ਼ਮੀ ਵਿਅਕਤੀ ਦੀ ਮਦਦ ਕਰਕੇ ਉਸ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੂੰ ਸਰਕਾਰ ਵੱਲੋਂ 2,000 ਰੁਪਏ ਦੀ ਸਹਾਇਤਾ/ਇਨਾਮ ਦਿੱਤਾ ਜਾਂਦਾ ਹੈ।
ਸ੍ਰੀ ਕਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਜਾਣ-ਪਛਾਣ ਵਾਲਿਆਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ, ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੋਂ ਗੁਰੇਜ਼ ਕੀਤਾ ਜਾਵੇ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਸਾਰਥੀ ਪਾਰਥਾ ਕੋਸ਼ਕ, ਪ੍ਰਿੰਸੀਪਲ ਸ੍ਰੀਮਤੀ ਪੂਜਾ ਖੋਸਲਾ, ਸਕੂਲ ਦਾ ਸਟਾਫ਼ ਅਤੇ ਐਸ.ਆਈ.ਪੀ. ਅਕੈਡਮੀ, ਖਰੜ ਦੇ ਮੈਂਬਰ ਸ੍ਰੀ ਰਾਜਨ ਕੁਮਾਰ ਅਤੇ ਸ੍ਰੀ ਰਾਹੁਲ ਹਾਜ਼ਰ ਸਨ।
ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸ੍ਰੀ ਸਾਰਥੀ ਪਾਰਥਾ ਕੋਸ਼ਕ, ਪ੍ਰਿੰਸੀਪਲ ਸ੍ਰੀਮਤੀ ਪੂਜਾ ਖੋਸਲਾ ਅਤੇ ਸਕੂਲ ਸਟਾਫ਼ ਵੱਲੋਂ ਸ੍ਰੀ ਕਰਨੈਲ ਸਿੰਘ ਦਾ ਸਕੂਲ ਵਿੱਚ ਪਹੁੰਚ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਅਤੇ ਸੜਕ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸਾਂਝੇ ਕੀਤੇ ਵਿਚਾਰਾਂ ਦੀ ਸ਼ਲਾਘਾ ਕੀਤੀ ਗਈ।