ਫਾਜ਼ਿਲਕਾ : ਫਾਜ਼ਿਲਕਾ ਵਿਖੇ ਭਾਜਪਾ ਵੱਲੋਂ ਅੱਜ 'ਨਸ਼ਾ ਮੁਕਤ ਪੰਜਾਬ ਯਾਤਰਾ' ਦੇ ਤੀਜੇ ਦਿਨ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਆਗਾਜ਼ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਨੇ ਕੀਤਾ। ਇਸ ਮੌਕੇ ਸੁਨੀਲ ਜਾਖੜ ਸਮੇਤ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਮਨਪੀਤ ਸਿੰਘ ਬਾਦਲ ਸਮੇਤ ਹੋਰ ਆਗੂ ਪਹੁੰਚੇ।
ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਦਾ ਜਿਹੜਾ ਕੋਹੜ ਲੱਗਾ ਹੈ, ਉਸ ਨੂੰ ਖ਼ਤਮ ਕਰਨ ਲਈ ਭਾਜਪਾ ਨੇ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਨਾਲ ਬੇਹੱਦ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਇਸ ਮੌਕੇ ਆਮ ਆਦਮੀ ਪਾਰਟੀ 'ਤੇ ਖ਼ੂਬ ਤੰਜ ਕੱਸੇ। ਉਨ੍ਹਾਂ ਕਿਹਾ ਪੰਜਾਬ 'ਚ ਨਸ਼ਾ ਘਰ-ਘਰ ਦੀ ਕਹਾਣੀ ਬਣ ਗਿਆ ਹੈ। ਜਾਖੜ ਨੇ ਕਿਹਾ ਕਿ ਸਰਕਾਰ ਦੀਆਂ ਨਕਾਮੀਆਂ ਕਾਰਨ ਅੱਜ ਪੰਜਾਬ 'ਚ ਨਸ਼ਾ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਗੰਭੀਰ ਸਮੱਸਿਆ ਬਣ ਚੁੱਕੀ ਹੈ। ਸੁਨੀਲ ਜਾਖੜ ਨੇ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀਆਂ 60,000 ਤੋਂ 80,000 ਗ੍ਰਿਫ਼ਤਾਰੀਆਂ ਦੇ ਦਾਅਵਿਆਂ 'ਤੇ ਸਵਾਲ ਚੁੱਕਦੇ ਕਿਹਾ ਕਿ ਇਹ ਸਰਕਾਰ ਦੀ ਕੋਈ ਬਹਾਦਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਿੰਡਾਂ 'ਚ ਬੈਠੇ ਵੱਡੇ ਹੋਲਸੇਲਰਾਂ ਅਤੇ ਮੁੱਖ ਤਸਕਰਾਂ ਨੂੰ ਫੜਨ ਦੀ ਬਜਾਏ ਨਸ਼ੇ ਦੀ ਲਤ 'ਚ ਫਸੇ ਆਮ ਨੌਜਵਾਨਾਂ ਨੂੰ ਫੜ ਰਹੀ ਹੈ। ਗ਼ਰੀਬ ਲੋਕਾਂ ਦੇ ਘਰ ਢਾਹ ਕੇ ਨਸ਼ੇ ਦੇ ਅਸਲ ਕਾਰੋਬਾਰੀਆਂ 'ਤੇ ਪਰਦਾ ਪਾਇਆ ਜਾ ਰਿਹਾ ਹੈ।
ਪੰਜਾਬੀਆਂ ਨੂੰ 1000-1000 ਰੁਪਏ ਦੇ ਕੇ ਪੰਜਾਬੀ ਵਿਕਣ ਵਾਲੇ ਨਹੀਂ ਹਨ। ਅਸੀਂ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਨਾ ਹੈ। ਇਸ ਮੌਕੇ ਸੁਨੀਲ ਜਾਖੜ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਇਕਜੁੱਟ ਹੋਣ। ਉਨ੍ਹਾਂ ਭਾਜਪਾ ਦੇ "ਨਸ਼ਾ ਮੁਕਾਉਣਾ ਸਾਰਾ" ਦੇ ਨਾਅਰੇ ਨੂੰ ਦੁਹਰਾਉਂਦਿਆਂ ਪੰਜਾਬ ਨੂੰ ਮੁੜ ਨਸ਼ਾ ਮੁਕਤ ਅਤੇ ਸੁਰੱਖਿਅਤ ਬਣਾਉਣ ਦਾ ਸੰਕਲਪ ਲਿਆ।
ਉਥੇ ਹੀ ਇਸ ਮੌਕੇ ਅੰਮ੍ਰਿਤਸਰ 'ਚ ਏ. ਐੱਸ. ਆਈ. ਹਰਜੀਤ ਸਿੰਘ ਅਤੇ ਏ. ਐੱਸ. ਆਈ. ਜੋਗਾ ਸਿੰਘ ਦੇ ਮਾਰੇ ਜਾਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਜਾਖੜ ਨੇ ਕਿਹਾ ਕਿ ਅੱਜ ਪੰਜਾਬ 'ਚ ਪੁਲਸ ਵਾਲੇ ਹੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਅਧਿਕਾਰੀਆਂ ਨੂੰ ਥਾਣਿਆਂ ਤੋਂ ਬਾਹਰ ਇਕੱਲੇ ਨਾ ਜਾਣ ਅਤੇ ਆਪਣੀ ਜਾਨ ਬਚਾਉਣ ਲਈ ਬੱਸਾਂ 'ਚ ਸਫ਼ਰ ਕਰਨ ਵਰਗੀਆਂ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਜਾਖੜ ਨੇ ਕਿਹਾ ਕਿ ਜੇਕਰ ਪੁਲਸ ਹੀ ਆਪਣੀ ਜਾਨ ਬਚਾਉਂਦੀ ਫਿਰੇਗੀ ਤਾਂ ਆਮ ਨਾਗਰਿਕਾਂ, ਨੌਜਵਾਨਾਂ, ਵਪਾਰੀਆਂ ਅਤੇ ਧੀਆਂ-ਭੈਣਾਂ ਦੀ ਰਾਖੀ ਕੌਣ ਕਰੇਗਾ।
ਗੈਂਗਸਟਰਵਾਦ, ਫਰੌਤੀਆਂ ਅਤੇ ਯੂ. ਪੀ. ਦੀ ਮਿਸਾਲ
ਜਾਖੜ ਨੇ ਕਿਹਾ ਕਿ ਪੰਜਾਬ 'ਚ ਪਹਿਲਾਂ ਫਰੌਤੀਆਂ ਦਾ ਨਾਮ ਵੀ ਕੋਈ ਨਹੀਂ ਸੀ ਜਾਣਦਾ ਪਰ ਅੱਜ ਹਰ ਇਕ ਸ਼ਹਿਰ ਅਤੇ ਕਸਬੇ 'ਚ ਮਿਹਨਤ ਨਾਲ ਕਮਾਉਣ ਵਾਲੇ ਲੋਕਾਂ ਨੂੰ ਗੈਂਗਸਟਰਾਂ ਦੀਆਂ ਫਰੌਤੀ ਲਈ ਕਾਲਾਂ ਆ ਰਹੀਆਂ ਹਨ। ਉਨ੍ਹਾਂ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੀ ਮਿਸਾਲ ਦਿੰਦੇ ਕਿਹਾ ਕਿ ਜਿਵੇਂ ਯੂ. ਪੀ. ਵਿੱਚੋਂ ਗੈਂਗਸਟਰਵਾਦ ਅਤੇ ਫਰੌਤੀ ਮੰਗਣ ਵਾਲਿਆਂ ਦਾ ਰਾਜ ਖ਼ਤਮ ਕੀਤਾ ਗਿਆ ਹੈ, ਉਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਨਸ਼ੇ ਅਤੇ ਅਪਰਾਧ ਤੋਂ ਮੁਕਤ ਕਰਵਾ ਸਕਦੀ ਹੈ।