ਜਲੰਧਰ : ਜਲੰਧਰ ਦੇ ਮੁਸਲਿਮ ਕਾਲੋਨੀ ਖੇਤਰ 'ਚ ਸੜਕ ਕਿਨਾਰੇ ਖੜ੍ਹੀ ਇਕ ਔਰਤ ਅਤੇ ਇਕ ਬੱਚਾ ਉਸ ਸਮੇਂ ਗੰਭੀਰ ਜ਼ਖ਼ਮੀ ਹੋ ਗਏ ਜਦੋਂ ਇਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਸਥਾਨ 'ਤੇ ਭੀੜ ਇਕੱਠੀ ਹੁੰਦੀ ਵੇਖ ਕੇ ਡਰਾਈਵਰ ਗੱਡੀ ਛੱਡ ਕੇ ਭੱਜ ਗਿਆ। ਸੂਚਨਾ ਮਿਲਣ 'ਤੇ ਰਾਮਾ ਮੰਡੀ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ, ਸਕਾਰਪੀਓ ਨੂੰ ਜ਼ਬਤ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੀੜਤ ਮਹਿਲਾ ਦੇ ਸਹੁਰੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਸਬਜ਼ੀ ਖ਼ਰੀਦਣ ਲਈ ਮਾਰਕਿਟ ਆਈ ਸੀ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਉੱਥੋਂ ਲੰਘੀ, ਜਦਕਿ ਉਸ ਦੇ ਪਿੱਛੇ ਇਕ ਫਾਰਚਿਊਨਰ ਗੱਡੀ ਵੀ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਾਹਨਾਂ ਵਿਚਾਲੇ ਤੇਜ਼ ਰਫ਼ਤਾਰ ਵਿਚ ਰੇਸ ਚੱਲ ਰਹੀ ਸੀ। ਇਸ ਦੌਰਾਨ ਸਕਾਰਪੀਓ ਚਾਲਕ ਨੇ ਕੰਟਰੋਲ ਖੋਹ ਦਿੱਤਾ ਅਤੇ ਸੜਕ ਕਿਨਾਰੇ ਖੜ੍ਹੀ ਉਨ੍ਹਾਂ ਦੀ ਨੂੰਹ ਅਤੇ ਇਕ ਬੱਚੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਵਿਚ ਨੂੰਹ ਅਤੇ ਬੱਚੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਪਹੁੰਚਾਇਆ। ਸਕਾਰਪੀਓ ਡਰਾਈਵਰ ਕਾਰ ਛੱਡ ਕੇ ਭੱਜ ਗਿਆ।
ਥਾਣਾ ਰਾਮਾ ਮੰਡੀ ਦੇ ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਰਾਹੀਂ ਮੁਸਲਿਮ ਕਾਲੋਨੀ 'ਚ ਇਕ ਕਾਰ ਨਾਲ ਟਕਰਾਉਣ ਤੋਂ ਬਾਅਦ ਇਕ ਔਰਤ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਮਿਲੀ ਸੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਕਾਰਪੀਓ ਨੂੰ ਜ਼ਬਤ ਕਰ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ 'ਤੇ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।