ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਬਾਜ਼ਾਰਾਂ ’ਚ ਰੌਣਕ ਵਧ ਗਈ ਹੈ ਪਰ ਇਸ ਵਾਰ ਮਠਿਆਈਆਂ ਦੀਆਂ ਵਧਦੀਆਂ ਕੀਮਤਾਂ ਲੋਕਾਂ ਦਾ ਬਜਟ ਵਿਗਾੜ ਰਹੀਆਂ ਹਨ। ਦੇਸ਼ ਭਰ ’ਚ ਲੱਡੂ, ਬਰਫ਼ੀ, ਰਸਗੁੱਲੇ ਅਤੇ ਛੇਨਾ ਪੋੜਾ ਵਰਗੀਆਂ ਰਵਾਇਤੀ ਮਠਿਆਈਆਂ ਦੇ ਭਾਅ ਪਿਛਲੇ ਸਾਲ ਦੇ ਮੁਕਾਬਲੇ ਔਸਤਨ 10 ਤੋਂ 15 ਫੀਸਦੀ ਤੱਕ ਵਧ ਗਏ ਹਨ। ਮਠਿਆਈ ਕਾਰੋਬਾਰੀਆਂ ਮੁਤਾਬਕ, ਖੰਡ, ਦੁੱਧ, ਖੋਆ, ਮੇਵੇ ਅਤੇ ਈਂਧਨ ਦੀ ਲਾਗਤ ਵਧਣ ਨਾਲ ਕੀਮਤਾਂ ’ਚ ਵਾਧਾ ਕਰਨਾ ਮਜਬੂਰੀ ਬਣ ਗਿਆ ਹੈ।
ਕੋਲਕਾਤਾ ਤੋਂ ਲੈ ਕੇ ਓਡਿਸ਼ਾ ਅਤੇ ਦੱਖਣ ਭਾਰਤ ਤੱਕ ਮਠਿਆਈ ਨਿਰਮਾਤਾਵਾਂ ਨੂੰ ਵਧਦੀ ਲਾਗਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦੁਕਾਨਦਾਰ ਗਾਹਕਾਂ ਨੂੰ ਬਣਾਈ ਰੱਖਣ ਲਈ ਫਿਲਹਾਲ ਕੀਮਤਾਂ ਨਹੀਂ ਵਧਾ ਰਹੇ ਹਨ ਪਰ ਇਸ ਨਾਲ ਉਨ੍ਹਾਂ ਦੇ ਮੁਨਾਫ਼ੇ ’ਤੇ ਅਸਰ ਪੈ ਰਿਹਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਵਧੀ ਹੋਈ ਲਾਗਤ ਖ਼ੁਦ ਬਰਦਾਸ਼ਤ ਕਰਨਾ ਸੰਭਵ ਨਹੀਂ ਹੋਵੇਗਾ।
ਓਡਿਸ਼ਾ ’ਚ ਰਸਗੁੱਲੇ, ਛੇਨਾ ਪੋੜਾ ਅਤੇ ਛੇਨਾ ਗਾਜਾ ਸਮੇਤ ਰਵਾਇਤੀ ਮਠਿਆਈਆਂ ਦੇ ਭਾਅ ’ਚ 25 ਤੋਂ 30 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਦਾ ਵਾਧਾ ਹੋਇਆ ਹੈ। ਛੇਨਾ, ਦੁੱਧ, ਖੰਡ ਅਤੇ ਵਪਾਰਕ ਐੱਲ. ਪੀ. ਜੀ. ਦੀਆਂ ਕੀਮਤਾਂ ਵਧਣ ਨਾਲ ਉਤਪਾਦਨ ਮਹਿੰਗਾ ਹੋ ਗਿਆ ਹੈ। ਉੱਥੇ ਹੀ, ਦੱਖਣ ਭਾਰਤ ’ਚ ਕਾਜੂ, ਮੱਖਣ, ਚੌਲ ਅਤੇ ਦਾਲ ਵਰਗੀਆਂ ਸਮੱਗਰੀਆਂ ਦੇ ਭਾਅ ਵਧਣ ਨਾਲ ਮਠਿਆਈਆਂ ਦੀਆਂ ਕੀਮਤਾਂ ’ਤੇ ਦਬਾਅ ਵਧਿਆ ਹੈ। ਦਿੱਲੀ-ਐੱਨ. ਸੀ. ਆਰ. ਦੇ ਕਾਰੋਬਾਰੀਆਂ ਨੂੰ ਵੀ ਕੱਚੇ ਮਾਲ, ਆਵਾਜਾਈ ਅਤੇ ਕਰਮਚਾਰੀਆਂ ਦੀ ਤਨਖਾਹ ’ਚ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਖੰਡ ਦੀਆਂ ਵਧਦੀਆਂ ਕੀਮਤਾਂ ਮਠਿਆਈ ਉਦਯੋਗ ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। ਮਹਾਰਾਸ਼ਟਰ ਦੀਆਂ ਖੰਡ ਮਿੱਲਾਂ ’ਚ ਇਸ ਦੀ ਕੀਮਤ ਲੱਗਭਗ 4,300 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 5,200-5,300 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ। ਤਿਉਹਾਰਾਂ ਦੌਰਾਨ ਮੰਗ ਵਧਣ ਅਤੇ ਸ਼ੁਰੂਆਤੀ ਸਟਾਕ ਘੱਟ ਰਹਿਣ ਨਾਲ ਕੀਮਤਾਂ ’ਚ ਤੇਜ਼ੀ ਆਈ ਹੈ। ਹਾਲਾਂਕਿ, ਨਵੀਂ ਫ਼ਸਲ ਦੀ ਪਿੜਾਈ ਸ਼ੁਰੂ ਹੋਣ ਅਤੇ ਬਾਜ਼ਾਰ ’ਚ ਸਪਲਾਈ ਵਧਣ ਨਾਲ ਰਾਹਤ ਮਿਲਣ ਦੀ ਉਮੀਦ ਹੈ।
ਦੁੱਧ ਦੀਆਂ ਕੀਮਤਾਂ ’ਚ ਵਾਧੇ ਨੇ ਵੀ ਮਠਿਆਈ ਨਿਰਮਾਤਾਵਾਂ ਦੀ ਲਾਗਤ ਵਧਾਈ ਹੈ। ਪਸ਼ੂ ਆਹਾਰ ਮਹਿੰਗਾ ਹੋਣ, ਬੇ-ਤਰਤੀਬਾ ਮਾਨਸੂਨੀ ਮੀਂਹ ਅਤੇ ਦੁੱਧ ਉਤਪਾਦਨ ਪ੍ਰਭਾਵਿਤ ਹੋਣ ਦੇ ਖਦਸ਼ੇ ਨਾਲ ਕੀਮਤਾਂ ’ਤੇ ਦਬਾਅ ਬਣਿਆ ਹੋਇਆ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ’ਚ ਮੰਗ ਮਜ਼ਬੂਤ ਰਹਿਣ ਦੇ ਬਾਵਜੂਦ ਗਾਹਕਾਂ ਦੀ ਖ਼ਰੀਦ ਸਮਰੱਥਾ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ। ਅਜਿਹੇ ’ਚ ਉਨ੍ਹਾਂ ਨੂੰ ਕੀਮਤਾਂ ਵਧਾਉਣ ਅਤੇ ਮੁਨਾਫ਼ਾ ਘਟਾ ਕੇ ਕਾਰੋਬਾਰ ਚਲਾਉਣ ਵਿਚਾਲੇ ਸੰਤੁਲਨ ਬਣਾਉਣਾ ਪੈ ਰਿਹਾ ਹੈ।