ਦਿੱਲੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ 'ਚ ਕਥਿਤ ਤੌਰ 'ਤੇ ਪਾਕਿਸਤਾਨ ਨਾਲ ਜੁੜੇ 'ਡਿਜੀਟਲ ਅਰੇਸਟ' ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਮੁਲਜ਼ਮਾਂ ਨੇ ਕਥਿਤ ਤੌਰ 'ਤੇ 'ਮਿਊਲ' (ਕਮਿਸ਼ਨ-ਅਧਾਰਤ) ਬੈਂਕ ਖਾਤਿਆਂ ਅਤੇ ਕ੍ਰਿਪਟੋਕਰੰਸੀ ਰਾਹੀਂ ਧੋਖਾਧੜੀ ਵਾਲੇ ਫੰਡਾਂ ਦੇ ਟ੍ਰਾਂਸਫਰ 'ਚ ਸਹਾਇਤਾ ਕੀਤੀ ਸੀ। ਮੁਲਜ਼ਮਾਂ ਦੀ ਪਛਾਣ ਅੰਕਿਤ (23), ਉੱਤਰ ਪ੍ਰਦੇਸ਼ ਦੇ ਕੰਨੌਜ ਦੇ ਨਿਵਾਸੀ, ਸੈਫ ਅੰਸਾਰੀ (34), ਕਾਨਪੁਰ ਦੇ ਨਿਵਾਸੀ ਅਤੇ ਮੁਹੰਮਦ ਨੂਰ ਆਲਮ, 24 ਸਾਲਾ ਦਿੱਲੀ ਦੇ ਨਿਵਾਸੀ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਅਤੇ ਧੋਖਾਧੜੀ ਨਾਲ ਸਬੰਧਤ 1,03,142 ਰੁਪਏ ਫ੍ਰੀਜ਼ ਕਰ ਦਿੱਤਾ ਗਿਆ ਹੈ। ਪੁਲਸ ਦੇ ਅਨੁਸਾਰ 19 ਜਨਵਰੀ ਨੂੰ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ 'ਤੇ ਇੱਕ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਸ 'ਚ ਦੋਸ਼ ਲਾਇਆ ਗਿਆ ਸੀ ਕਿ ਸ਼ਿਕਾਇਤਕਰਤਾ ਨਾਲ ਟੈਲੀਕਾਮ ਕੰਪਨੀ ਦੇ ਕਰਮਚਾਰੀਆਂ, ਪੁਲਸ ਅਧਿਕਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਵਜੋਂ ਪੇਸ਼ ਆ ਕੇ ਵਿਅਕਤੀਆਂ ਦੁਆਰਾ ਧੋਖਾਧੜੀ ਕੀਤੀ ਗਈ ਸੀ। ਸ਼ਿਕਾਇਤਕਰਤਾ ਦੇ ਅਨੁਸਾਰ 8 ਜਨਵਰੀ ਨੂੰ ਇੱਕ ਔਰਤ ਨੇ ਉਸਨੂੰ ਫ਼ੋਨ ਕੀਤਾ, ਇੱਕ ਟੈਲੀਕਾਮ ਕੰਪਨੀ ਦੀ ਕਰਮਚਾਰੀ ਹੋਣ ਦਾ ਦਾਅਵਾ ਕਰਦਿਆਂ ਦੱਸਿਆ ਕਿ ਉਸਦੇ ਆਧਾਰ ਕਾਰਡ 'ਤੇ ਜਾਰੀ ਕੀਤੇ ਗਏ ਇੱਕ ਮੋਬਾਈਲ ਨੰਬਰ ਦੀ ਵਰਤੋਂ ਬੈਂਗਲੁਰੂ ਵਿੱਚ ਗੈਰ-ਕਾਨੂੰਨੀ ਗੇਮਿੰਗ ਗਤੀਵਿਧੀਆਂ ਲਈ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਉਸਨੂੰ ਬਾਅਦ ਵਿੱਚ ਇੱਕ ਵੀਡੀਓ ਕਾਲ ਆਈ, ਜਿਸ 'ਚ ਵਿਅਕਤੀ ਨੇ ਆਪਣੀ ਪਛਾਣ ਬੈਂਗਲੁਰੂ ਦੇ ਇੰਦਰਾ ਨਗਰ ਪੁਲਸ ਸਟੇਸ਼ਨ ਤੋਂ ਇੱਕ ਸਬ-ਇੰਸਪੈਕਟਰ ਵਜੋਂ ਕੀਤੀ। ਧੋਖਾਧੜੀ ਕਰਨ ਵਾਲਿਆਂ ਨੇ ਕਥਿਤ ਤੌਰ 'ਤੇ ਉਸਨੂੰ ਦੱਸਿਆ ਕਿ ਉਸਦੇ ਨਾਮ 'ਤੇ ਖੋਲ੍ਹੇ ਗਏ ਕਈ ਬੈਂਕ ਖਾਤੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਨੇ ਕਿਹਾ ਕਿ ਪੀੜਤ ਨੂੰ ਲਗਾਤਾਰ ਵੀਡੀਓ ਨਿਗਰਾਨੀ ਹੇਠ ਰੱਖਿਆ ਗਿਆ ਸੀ ਤੇ ਉਸਦੇ ਬੈਂਕ ਖਾਤਿਆਂ, ਫਿਕਸਡ ਡਿਪਾਜ਼ਿਟ, ਮਿਉਚੁਅਲ ਫੰਡਾਂ ਅਤੇ ਹੋਰ ਨਿਵੇਸ਼ਾਂ ਦੇ ਵੇਰਵੇ ਪ੍ਰਗਟ ਕਰਨ ਲਈ ਮਜਬੂਰ ਕੀਤਾ ਗਿਆ ਸੀ। ਧੋਖਾਧੜੀ ਕਰਨ ਵਾਲਿਆਂ ਨੇ ਫਿਰ ਉਸਨੂੰ ਆਪਣੇ ਨਿਵੇਸ਼ਾਂ ਵਿੱਚੋਂ ਪੈਸੇ ਕਢਵਾਉਣ ਅਤੇ ਫੰਡਾਂ ਨੂੰ ਬੈਂਕ ਖਾਤਿਆਂ ਅਤੇ ਉਹਨਾਂ ਦੁਆਰਾ ਪ੍ਰਦਾਨ ਕੀਤੇ ਗਏ UPI ਆਈਡੀ ਵਿੱਚ ਟ੍ਰਾਂਸਫਰ ਕਰਨ ਲਈ ਰਾਜ਼ੀ ਕਰ ਲਿਆ, ਦਾਅਵਾ ਕੀਤਾ ਕਿ ਇਹ RBI ਆਡੀਟਰਾਂ ਦੁਆਰਾ ਤਸਦੀਕ ਲਈ ਜ਼ਰੂਰੀ ਸੀ ਅਤੇ ਪੈਸੇ ਬਾਅਦ ਵਿੱਚ ਵਾਪਸ ਕਰ ਦਿੱਤੇ ਜਾਣਗੇ। ਪੁਲਸ ਦੇ ਅਨੁਸਾਰ 9 ਜਨਵਰੀ ਤੋਂ 16 ਜਨਵਰੀ ਦੇ ਵਿਚਕਾਰ ਪੀੜਤ ਨੇ ਧੋਖਾਧੜੀ ਦਾ ਅਹਿਸਾਸ ਹੋਣ ਤੋਂ ਪਹਿਲਾਂ ਕੁੱਲ 15.31 ਲੱਖ ਰੁਪਏ ਵੱਖ-ਵੱਖ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ। ਜਾਂਚ ਦੌਰਾਨ ਪੁਲਸ ਨੂੰ ਦੋ ਬੈਂਕ ਖਾਤਿਆਂ ਦਾ ਪਤਾ ਲੱਗਾ ਜਿੱਥੇ ਧੋਖਾਧੜੀ ਦੇ ਪੈਸੇ ਦਾ ਇੱਕ ਹਿੱਸਾ ਟ੍ਰਾਂਸਫਰ ਕੀਤਾ ਗਿਆ ਸੀ। ਤਕਨੀਕੀ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਖਾਤਿਆਂ ਨਾਲ ਜੁੜੇ ਮੋਬਾਈਲ ਨੰਬਰ ਉਸੇ ਡਿਵਾਈਸ ਤੋਂ ਚਲਾਏ ਜਾਂਦੇ ਸਨ ਅਤੇ ਫਰੀਦਾਬਾਦ 'ਚ ਸਥਿਤ ਸਨ। ਪੁੱਛਗਿੱਛ ਦੌਰਾਨ ਨੂਰ ਆਲਮ ਨੇ ਕਥਿਤ ਤੌਰ 'ਤੇ ਖੁਲਾਸਾ ਕੀਤਾ ਕਿ ਉਸਨੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਲਈ ਬੈਂਕ ਖਾਤਿਆਂ ਦਾ ਪ੍ਰਬੰਧ ਕੀਤਾ ਸੀ ਤੇ ਪਾਕਿਸਤਾਨ 'ਚ ਸਥਿਤ ਬਿਲਾਲ ਨਾਮਕ ਵਿਅਕਤੀ ਨਾਲ ਨਿਯਮਤ ਸੰਪਰਕ ਵਿੱਚ ਸੀ। ਪੁਲਸ ਨੇ ਦੱਸਿਆ ਕਿ ਧੋਖਾਧੜੀ ਰਾਹੀਂ ਪ੍ਰਾਪਤ ਕੀਤੇ ਪੈਸੇ ਨੂੰ ਪਹਿਲਾਂ ਉਸਦੇ ਦੁਆਰਾ ਪ੍ਰਦਾਨ ਕੀਤੇ ਗਏ ਬੈਂਕ ਖਾਤਿਆਂ 'ਚ ਜਮ੍ਹਾ ਕੀਤਾ ਜਾਂਦਾ ਸੀ ਅਤੇ ਫਿਰ USDT ਕ੍ਰਿਪਟੋਕਰੰਸੀ 'ਚ ਬਦਲਿਆ ਜਾਂਦਾ ਸੀ ਅਤੇ ਵਿਦੇਸ਼ਾਂ 'ਚ ਸਥਿਤ ਉਸਦੇ ਹੈਂਡਲਰਾਂ ਨੂੰ ਭੇਜਿਆ ਜਾਂਦਾ ਸੀ। ਉਸਨੂੰ ਕਥਿਤ ਤੌਰ 'ਤੇ ਕ੍ਰਿਪਟੋਕਰੰਸੀ 'ਚ ਕਮਿਸ਼ਨ ਮਿਲੇ ਸਨ, ਜੋ ਫਿਰ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਕਢਵਾਏ ਜਾਂਦੇ ਸਨ।