ਨਵੀਂ ਦਿੱਲੀ : ਜਾਪਾਨ ਦੀ ਪ੍ਰਧਾਨ ਮੰਤਰਤੀ ਸਨਾਏ ਤਾਕਾਈਚੀ ਅਗਲੇ ਹਫਤੇ ਭਾਰਤ ਦੇ ਤਿੰਨ ਦਿਨਾਂ ਦੌਰੇ ਉੱਤੇ ਆਉਣਗੇ। ਇਸ ਦੌਰੇ ਵਿਚ ਵਪਾਰ, ਨਿਵੇਸ਼ ਤੇ ਰੱਖਿਆ ਸਣੇ ਕਈ ਖੇਤਰਾਂ ਵਿਚ ਆਪਸੀ ਸਬੰਧਾਂ ਨੂੰ ਵਧਾਉਣ ਦੇ ਤਰੀਕਿਆਂ ਉੱਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਉੱਤੇ ਤਾਕਾਈਚੀ ਇਕ ਤੋਂ ਤਿੰਨ ਜੁਲਾਈ ਦਰਮਿਆਨ ਨਵੀਂ ਦਿੱਲੀ ਦੀ ਅਧਿਕਾਰਿਤ ਯਾਤਰਾ ਉੱਤੇ ਰਹੇਗੀ। ਇਹ ਯਾਤਰਾ 16ਵੇਂ ਭਾਰਤ ਜਾਪਾਨ ਸਾਲਾ ਸਿਖਰ ਸੰਮੇਲਨ ਦੇ ਲਈ ਹੋਵੇਗੀ।
ਮੰਤਰਾਲਾ ਨੇ ਕਿਹਾ ਕਿ ਸਿਖਰ ਸੰਮੇਲਨ ਦੋਵਾਂ ਪੱਖਾਂ ਨੂੰ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਆਪਸੀ ਹਿਤ ਦੇ ਖੇਤਰੀ ਤੇ ਗਲੋਬਲ ਮੁੱਦਿਆਂ ਉੱਤੇ ਵਿਚਾਰ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਇਹ ਪ੍ਰਧਾਨ ਮੰਤਰੀ ਤਾਕਾਈਚੀ ਦੀ ਭਾਰਤ ਦੀ ਪਹਿਲੀ ਅਧਿਕਾਰਿਤ ਯਾਤਰਾ ਹੋਵੇਗੀ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਯਾਤਰਾ 2025 ਵਿਚ 15ਵੇਂ ਭਾਰਤ ਜਾਪਾਨ ਸਾਲਾਨਾ ਸਿਖਰ ਸੰਮੇਲਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਪਾਨ ਯਾਤਰਾ ਤੋਂ ਬਾਅਦ ਹੋ ਰਹੀ ਹੈ ਤੇ ਇਹ ਭਾਰਤ ਜਾਪਾਨ ਵਿਸ਼ੇਸ਼ ਰਣਨੀਤਿਕ ਤੇ ਗਲੋਬਲ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਦੋਵਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪਿਛਲੇ ਸਾਲ ਹੋਏ ਸਿਖਰ ਸੰਮੇਲਨ ਤੋਂ ਬਾਅਦ ਜਾਪਾਨ ਨੇ ਭਾਰਤ ਵਿਚ ਇਕ ਦਹਾਕੇ ਵਿਚ 10 ਟ੍ਰਿਲੀਅਨ ਯੇਨ (ਤਕਰੀਬਨ 60 ਹਜ਼ਾਰ ਕਰੋੜ ਰੁਪਏ) ਦੇ ਨਿਵੇਸ਼ ਦਾ ਟੀਚਾ ਰੱਖਿਆ ਹੈ। ਦੋਵਾਂ ਪੱਖਾਂ ਨੇ ਕਈ ਵੱਡੇ ਸਮਝੌਤਿਆਂ ਨੂੰ ਵੀ ਅੰਤਿਮ ਰੂਪ ਦਿੱਤਾ, ਜਿਸ ਵਿਚ ਰੱਖਿਆ ਸਬੰਧਾਂ ਦੇ ਲਈ ਇਕ ਰੂਪਰੇਖਾ ਤੇ ਆਰਥਿਕ ਸਾਂਝੇਦਾਰੀ ਵਧਾਉਣ ਦੇ ਲਈ 10 ਸਾਲ ਦਾ ਖਾਕਾ ਸ਼ਾਮਿਲ ਹੈ। ਇਸ ਤੋਂ ਪਹਿਲਾਂ ਜਾਪਾਨ ਦੀ ਪ੍ਰਧਾਨ ਮੰਤਰੀ ਤਾਕਾਈਚੀ ਦੇ ਵਿਅਸਤ ਪ੍ਰੋਗਰਾਮ ਤੇ ਚੁਣੌਤੀਆਂ ਦੇ ਕਾਰਨ ਅਸਮ ਵਿਚ ਪ੍ਰਸਤਾਵਿਤ ਸਿਖਰ ਸੰਮੇਲਨ ਆਯੋਜਿਤ ਕਰਨ ਦੀ ਯੋਜਨਾ ਨੂੰ ਟਾਲ ਦਿੱਤਾ ਗਿਆ।