ਤਰਨ ਤਾਰਨ - ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਪਿੰਡ ਕੋਟ ਦਸੰਦੀ ਮੱਲ ਵਿਖੇ ਅਵਤਾਰ ਸਿੰਘ ਅਤੇ ਮਨਪ੍ਰੀਤ ਸਿੰਘ ਮੰਨੂ (ਆਸਟਰੇਲੀਆ) ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਇਕ ਪ੍ਰਭਾਵਸ਼ਾਲੀ ਵਰਕਰ ਮੀਟਿੰਗ ਹੋਈ। ਇਸ ਮੌਕੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ 'ਆਪ' ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਲੋਕ ਹੁਣ ਸ਼੍ਰੋਮਣੀ ਅਕਾਲੀ ਦਲ ਵੱਲ ਵੱਡੀ ਉਮੀਦ ਨਾਲ ਵੇਖ ਰਹੇ ਹਨ ਅਤੇ ਜ਼ਿਮਨੀ ਚੋਣ ਵਿਚ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਸ੍ਰ. ਬ੍ਰਹਮਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਹ ਰਾਸ਼ਨ ਕਾਰਡਾਂ ਦੇ ਮੁੱਦੇ 'ਤੇ ਕੇਂਦਰ ਨਾਲ ਝੂਠੀ ਲੜਾਈ ਦੀ ਡਰਾਮੇਬਾਜ਼ੀ ਕਰਕੇ ਲੋਕਾਂ ਦਾ ਧਿਆਨ ਆਪਣੀ ਸਰਕਾਰ ਦੀਆਂ ਨਕਾਮੀਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਨੂੰ ਬਦਤਰ ਕਾਨੂੰਨ-ਵਿਵਸਥਾ, ਨਸ਼ਿਆਂ, ਬੇਰੁਜ਼ਗਾਰੀ ਅਤੇ ਆਰਥਿਕ ਕੰਗਾਲੀ ਵੱਲ ਧੱਕ ਦਿੱਤਾ ਹੈ ਅਤੇ ਸੂਬੇ ਦਾ ਪੂਰੀ ਤਰ੍ਹਾਂ ਬੇੜਾ ਗਰਕ ਕਰ ਦਿੱਤਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰ. ਬਾਦਲ ਇੱਕ 'ਵਿਕਾਸ ਪੁਰਸ਼' ਅਤੇ ਭਗਵੰਤ ਮਾਨ 'ਵਿਨਾਸ਼ ਪੁਰਸ਼' ਹਨ, ਅਕਾਲੀ ਦਲ ਦੇ ਕਾਰਜਕਾਲ ਦੌਰਾਨ ਪੰਜਾਬ ਨੇ ਹਰ ਖੇਤਰ ਵਿਚ ਬੇਮਿਸਾਲ ਤਰੱਕੀ ਕੀਤੀ। ਉਨ੍ਹਾਂ ਕਿਹਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਖੇਤਰੀ ਪਾਰਟੀ ਹੈ ਜੋ ਸੂਬੇ ਦੇ ਦਰਦ ਨੂੰ ਸਮਝਦੀ ਹੈ।
ਪਾਰਟੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਜਿੱਤ ਦਾ ਦਾਅਵਾ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਅੱਜ ਦਾ ਇਹ ਭਰਵਾਂ ਇਕੱਠ ਸਾਬਤ ਕਰਦਾ ਹੈ ਕਿ ਤਰਨ ਤਾਰਨ ਦੇ ਲੋਕ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹੇ ਹਨ।
ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਤੇ ਚੋਣ ਇੰਚਾਰਜ ਗੁਲਜ਼ਾਰ ਸਿੰਘ ਰਣੀਕੇ ਨੇ ਵੀ ਇਸ ਇਕੱਠ ਨੂੰ ਦੇਖ ਕੇ ਵਿਸ਼ਵਾਸ ਪ੍ਰਗਟਾਇਆ ਹੈ, ਉਨ੍ਹਾਂ ਕਿਹਾ ਕਿ ਲੋਕਾਂ ਦਾ ਇਹ ਜੋਸ਼ ਬੀਬੀ ਰੰਧਾਵਾ ਦੀ ਵੱਡੀ ਜਿੱਤ ਦੀ ਗਵਾਹੀ ਭਰਦਾ ਹੈ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਚੋਣਾਂ ਤੱਕ ਦਿਨ-ਰਾਤ ਇਕ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਇਤਿਹਾਸਿਕ ਜਿੱਤ ਨੂੰ ਯਕੀਨੀ ਬਣਾਉਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸ੍ਰ. ਅਲਵਿੰਦਰਪਾਲ ਸਿੰਘ ਪੱਖੋਕੇ, ਬੀਬੀ ਕੰਚਨਪ੍ਰੀਤ ਕੌਰ ਰੰਧਾਵਾ, ਸਾਬਕਾ ਸਰਪੰਚ ਸ੍ਰ. ਉੱਧਮ ਸਿੰਘ, ਸ੍ਰ. ਕਸ਼ਮੀਰ ਸਿੰਘ, ਸ੍ਰ. ਦਲਜੀਤ ਸਿੰਘ ਐਮਾਂ, ਸ੍ਰ. ਹਰਵੰਤ ਸਿੰਘ ਝਬਾਲ, ਬਖਸ਼ੀਸ਼ ਸਿੰਘ, ਧਰਮ ਸਿੰਘ ਸਾਬਕਾ ਮੈਂਬਰ ਪੰਚਾਇਤ ਅਤੇ ਹੋਰ ਅਕਾਲੀ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।