ਜਲੰਧਰ : ਕਮਿਸ਼ਨਰੇਟ ਪੁਲਸ ਜਲੰਧਰ ਦੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇਲਾਕੇ ਸੂਰਿਆ ਐਨਕਲੇਵ ਤੋਂ ਕਾਜ਼ੀ ਮੰਡੀ ਰੋਡ 'ਤੇ ਲੋਹਾ ਕਾਰੋਬਾਰੀ ਨਾਲ ਸੋਮਵਾਰ ਰਾਤ ਨੂੰ ਹੋਈ 72 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਕਮਿਸ਼ਨਰੇਟ ਪੁਲਸ ਨੇ ਟੈਕਨੀਕਲ ਜਾਂਚ ਦੇ ਆਧਾਰ 'ਤੇ ਟਰੇਸ ਕਰ ਲਿਆ ਹੈ। ਇਸ ਸਬੰਧ ਵਿਚ ਥਾਣਾ ਰਾਮਾ ਮੰਡੀ ਵਿਚ ਲੋਹਾ ਕਾਰੋਬਾਰੀ ਲਲਿਤ ਮਿੱਤਲ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ 205 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਸੀ। ਪਤਾ ਲੱਗਾ ਹੈ ਕਿ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਪੁਲਸ ਨੇ ਲੁੱਟ ਦੇ ਪੈਸੇ ਵੀ ਬਰਾਮਦ ਕਰ ਲਏ ਹਨ।
ਡਰਾਈਵਰ ਨਿਕਲਿਆ ਮਾਸਟਰਮਾਈਂਡ
ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤ ਕਰਤਾ ਦੇ ਪੁਰਾਣੇ ਡਰਾਈਵਰ ਨਾਲ ਮਿਲ ਕੇ ਹੀ ਇਹ ਲੁੱਟ ਦੀ ਯੋਜਨਾ ਬਣਾਈ ਗਈ ਸੀ। ਫ਼ਿਲਹਾਲ ਪੁਲਸ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕਰ ਰਹੇ ਪਰ ਕਿਹਾ ਜਾ ਰਿਹਾ ਹੈ ਕਿ ਪੁਲਸ ਇਸ ਪੂਰੇ ਮਾਮਲੇ ਦਾ ਖ਼ੁਲਾਸਾ ਪ੍ਰੈੱਸ ਕਾਨਫ਼ਰੰਸ ਵਿਚ ਕਰ ਸਕਦੀ ਹੈ।
ਸੋਮਵਾਰ ਰਾਤ ਨੂੰ ਸੂਰਿਆ ਐਨਕਲੇਵ ਨੇੜੇ ਲੋਹਾ ਵਪਾਰੀ ਲਲਿਤ ਮਿੱਤਲ ਨਾਲ ਹੋਈ ਲੁੱਟ ਦੇ ਮਾਮਲੇ ਨੂੰ ਲੈ ਕੇ ਪੁਲਸ ਦੀਆਂ ਟੀਮਾਂ ਨੇ ਟਾਂਡਾ ਰੋਡ ਤੋਂ ਲੈ ਕੇ ਸੂਰਿਆ ਐਨਕਲੇਵ ਤੱਕ 100 ਤੋਂ ਵੱਧ ਕੈਮਰੇ ਛਾਣੇ, ਜਿਨ੍ਹਾਂ ਵਿਚ ਵੇਖਿਆ ਗਿਆ ਕਿ ਲਲਿਤ ਮਿੱਤਲ ਦੀ ਕਾਰ ਦਾ ਪਿੱਛਾ ਕਰਦੇ ਹੋਏ ਇਕ ਸ਼ੱਕੀ ਕਾਰ ਵਾਰਦਾਤ ਵਾਲੀ ਥਾਂ 'ਤੇ ਪਹੁੰਚੀ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲ ਗਈ। ਕਮਿਸ਼ਨਰੇਟ ਪੁਲਸ ਦੀਆਂ ਟੈਕਨੀਕਲ ਟੀਮਾਂ ਨੇ ਉਕਤ ਕਾਰ ਦੇ ਨੰਬਰ ਨੂੰ ਟਰੇਸ ਕਰ ਲਿਆ ਅਤੇ ਉਸ ਦਾ ਪੂਰਾ ਪਤਾ ਕੱਢਵਾ ਕੇ ਕਾਰ ਮਾਲਕ ਦੇ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ 'ਚ ਲਲਿਤ ਮਿੱਤਲ ਦਾ ਇਕ ਪੁਰਾਣਾ ਡਰਾਈਵਰ ਵੀ ਸ਼ਾਮਲ ਸੀ।
ਇਸ ਤਰ੍ਹਾਂ ਪੂਰੀ ਕਹਾਣੀ ਪੁਲਸ ਦੀਆਂ ਅੱਖਾਂ ਦੇ ਸਾਹਮਣੇ ਆ ਗਈ ਅਤੇ ਵੇਖਦੇ ਹੀ ਵੇਖਦੇ ਪੁਲਸ ਨੇ ਡਰਾਈਵਰ ਅਤੇ ਉਸ ਦੀ ਮਹਿਲਾ ਸਾਥੀ, ਜਿਸ ਨੂੰ ਡਰਾਈਵਰ ਨੇ ਕੁਝ ਦਿਨ ਪਹਿਲਾਂ ਹੀ ਕੰਮ 'ਤੇ ਰੱਖਵਾਇਆ ਸੀ, ਦੋਵਾਂ ਨੂੰ ਪੁਲਸ ਨੇ ਰਾਊਂਡਅੱਪ ਕਰ ਲਿਆ। ਇਸ ਤੋਂ ਬਾਅਦ ਇਕ ਹੋਰ ਨੌਜਵਾਨ ਨੂੰ ਵੀ ਰਾਊਂਡਅੱਪ ਕੀਤਾ ਗਿਆ ਅਤੇ ਦੇਰ ਰਾਤ ਹੋਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ।
ਜਾਣੋ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਸੂਰੀਆ ਐਨਕਲੇਵ ਨੇੜੇ ਸੋਮਵਾਰ ਦੀ ਦੇਰ ਰਾਤ ਲੋਹੇ ਦੇ ਵਪਾਰੀ ਕੋਲੋਂ ਲੁਟੇਰਿਆਂ ਵੱਲੋਂ ਲੱਖਾਂ ਰੁਪਏ ਦੀ ਲੁੱਟ ਗਏ ਸਨ। ਸੂਰੀਆ ਐਨਕਲੇਵ ਦੇ ਵਸਨੀਕ ਲੋਹਾ ਕਾਰੋਬਾਰੀ ਲਲਿਤ ਮਿੱਤਲ ਨਾਲ ਇਹ ਵਾਰਦਾਤ ਟਾਂਡਾ ਰੋਡ ਤੋਂ ਸੂਰੀਆ ਐਨਕਲੇਵ ਵੱਲ ਨੂੰ ਜਾਂਦੇ ਸਮੇਂ ਰਸਤੇ 'ਚ ਹੋਈ ਸੀ। ਲੁਟੇਰਿਆਂ ਨੇ ਉਕਤ ਦੀ ਕਾਰ ਨੂੰ ਰੋਕ ਕੇ ਲੋਹੇ ਦੀ ਰਾਡ ਨਾਲ ਸ਼ੀਸ਼ਾ ਤੋੜਿਆ ਅਤੇ ਨਕਦੀ ਨਾਲ ਭਰੇ 2 ਬੈਗ ਲੈ ਕੇ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਲਲਿਤ ਮਿੱਤਲ ਟਾਂਡਾ ਰੋਡ 'ਤੇ ਲੋਹੇ ਦਾ ਕਾਰੋਬਾਰ ਕਰਦੇ ਹਨ। ਵਾਰਦਾਤ ਸਮੇਂ ਉਹ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਕਿ ਇਸੇ ਦੌਰਾਨ ਲੁਟੇਰਿਆਂ ਵੱਲੋਂ ਉਨ੍ਹਾਂ ਦੀ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ।
ਜਦੋਂ ਕਾਰੋਬਾਰੀ ਕਾਜ਼ੀ ਮੰਡੀ ਤੋਂ ਹੁੰਦੇ ਹੋਏ ਸੂਰਿਆ ਐਨਕਲੇਵ ਮੋੜ ਨੇੜੇ ਪਹੁੰਚੇ ਤਾਂ ਲੁਟੇਰਿਆਂ ਵੱਲੋਂ ਉਸ ਦੀ ਕਾਰ 'ਤੇ ਹਮਲਾ ਕਰ ਦਿੱਤਾ ਗਿਆ ਸੀ। ਇਸੇ ਦੌਰਾਨ ਲੁਟੇਰਿਆਂ ਵੱਲੋਂ ਉਸ ਦੀ ਕਾਰ ਦਾ ਸ਼ੀਸ਼ਾ ਲੋਹੇ ਦੀ ਰਾਡ ਨਾਲ ਤੋੜ ਦਿੱਤਾ ਗਿਾ ਸੀ ਅਤੇ ਪੈਸਿਆਂ ਵਾਲੇ ਬੈਗ ਚੁੱਕ ਕੇ ਫ਼ਰਾਰ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਬੈਗ ’ਚ 72 ਲੱਖ ਦੇ ਕਰੀਬ ਨਕਦੀ ਸੀ। ਇਸ ਸਬੰਧੀ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਪੁਲਸ ਵੱਲੋਂ ਵਾਰਦਾਤ ਵਾਲੀ ਥਾਂ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੇਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਕੈਮਰਿਆਂ ਦੀ ਫੁਟੇਜ ਨੂੰ ਸੰਜੀਦਗੀ ਨਾਲ ਵੇਖਿਆ ਗਿਆ ਸੀ।