ਜ਼ੀਰਕਪੁਰ : ਰਾਮਪੁਰਾ ਤੋਂ ਛੱਤਬੀੜ ਵੱਲ ਜਾਂਦੇ ਰਸਤੇ ’ਤੇ ਦੇਰ ਰਾਤ ਕਰੀਬ 2 ਵਜੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਤਿੰਨ ਵਿਅਕਤੀਆਂ ਨੂੰ ਲੈ ਕੇ ਜਾ ਰਹੀ ਇਨੋਵਾ ਤੇਜ਼ ਵਹਾਅ ਵਾਲੇ ਸੂਏ ’ਚ ਜਾ ਡਿੱਗੀ। ਡਿੱਗਦਿਆਂ ਹੀ ਕਾਰ ਲਾਕ ਹੋ ਗਈ ਤੇ ਅੰਦਰ ਫਸੇ ਵਿਅਕਤੀਆਂ ਦੀ ਜਾਨ ਖ਼ਤਰੇ ’ਚ ਪੈ ਗਈ। ਇਸ ਦੌਰਾਨ ਕਾਰ ਦੀ ਪਿਛਲੀ ਸੀਟ ’ਤੇ ਬੈਠਾ ਰੋਬਿਨ ਕਿਸੇ ਤਰ੍ਹਾਂ ਕਾਰ ’ਚੋਂ ਬਾਹਰ ਨਿਕਲਣ ’ਚ ਕਾਮਯਾਬ ਹੋ ਗਿਆ। ਉਹ ਪੈਦਲ ਹਾਈਵੇ ਸਥਿਤ ਪੱਪੀ ਢਾਬੇ ਤੱਕ ਪਹੁੰਚਿਆ ਤੇ ਉੱਥੋਂ ਪੁਲਸ ਨੂੰ ਹਾਦਸੇ ਦੀ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (ਐੱਸ.ਐੱਸ.ਐੱਫ.) ਦੀਆਂ ਦੋ ਪੁਲਸ ਗੱਡੀਆਂ ਮੌਕੇ ’ਤੇ ਪਹੁੰਚੀਆਂ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਜਵਾਨਾਂ ਨੇ ਬਿਨਾਂ ਦੇਰੀ ਤੇਜ਼ ਵਹਾਅ ਵਾਲੇ ਪਾਣੀ ’ਚ ਉਤਰ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਰਾਤ ਦੇ ਹਨ੍ਹੇਰੇ ਤੇ ਪਾਣੀ ਦੇ ਤੇਜ਼ ਵਹਾਅ ਦੇ ਬਾਵਜੂਦ ਜਵਾਨਾਂ ਨੇ ਕਾਰ ’ਚ ਫਸੇ ਕਰਮਵੀਰ ਸਿੰਘ ਤੇ ਤੇਜ ਪ੍ਰਕਾਸ਼ ਸਿੰਘ ਨੂੰ ਬਾਹਰ ਕੱਢ ਲਿਆ। ਰੋਬਿਨ ਪਹਿਲਾਂ ਹੀ ਕਾਰ ’ਚੋਂ ਨਿਕਲ ਕੇ ਮਦਦ ਲਈ ਪਹੁੰਚ ਚੁੱਕਾ ਸੀ। ਹਾਲਾਂਕਿ ਹਾਦਸੇ ਦੌਰਾਨ ਤੇਜ ਪ੍ਰਕਾਸ਼ ਸਿੰਘ ਦੇ ਹੱਥ ’ਤੇ ਗੰਭੀਰ ਸੱਟ ਲੱਗੀ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਰੋਬਿਨ ਨੂੰ ਵੀ ਇਲਾਜ ਲਈ ਹਸਪਤਾਲ ਭੇਜਿਆ ਗਿਆ, ਜਦਕਿ ਕਰਮਵੀਰ ਨੂੰ ਜ਼ੀਰਕਪੁਰ ਸਥਿਤ ਔਰਾ ਗਜ਼ਾਨੀਆ ਸੁਸਾਇਟੀ ਵਿਖੇ ਉਸ ਦੇ ਘਰ ਪਹੁੰਚਾਇਆ ਗਿਆ। ਤੇਜ਼ ਪਾਣੀ ਦੇ ਵਹਾਅ ਕਾਰਨ ਕਾਰ ’ਚ ਪਿਆ ਕਾਫ਼ੀ ਸਾਮਾਨ ਵੀ ਪਾਣੀ ’ਚ ਰੁੜ੍ਹ ਗਿਆ।
ਘੱਗਰ ਤੋਂ ਪਿੰਡਾਂ ਦੇ ਖੇਤਾਂ ਲਈ ਜਾਂਦਾ ਹੈ ਪਾਣੀ
ਜਾਣਕਾਰੀ ਮੁਤਾਬਕ ਰਾਮਪੁਰਾ ਤੋਂ ਛੱਤਬੀੜ ਵੱਲ ਜਾਂਦੇ ਰਸਤੇ ’ਚ ਪੈਂਦਾ ਇਹ ਸੂਆ ਘੱਗਰ ਤੋਂ ਬਨੂੜ ਖੇਤਰ ਦੇ ਪਿੰਡਾਂ ਦੇ ਖੇਤਾਂ ਤੱਕ ਸਿੰਚਾਈ ਲਈ ਪਾਣੀ ਪਹੁੰਚਾਉਣ ਲਈ ਬਣਾਇਆ ਗਿਆ ਹੈ। ਬਰਸਾਤ ਦੇ ਦਿਨਾਂ ’ਚ ਇਸ ’ਚ ਪਾਣੀ ਦੀ ਮਾਤਰਾ ਕਾਫ਼ੀ ਵੱਧ ਜਾਂਦੀ ਹੈ ਅਤੇ ਵਹਾਅ ਵੀ ਤੇਜ਼ ਹੋ ਜਾਂਦਾ ਹੈ। ਹਾਦਸੇ ਸਮੇਂ ਵੀ ਸੂਏ ’ਚ ਪਾਣੀ ਦਾ ਵਹਾਅ ਕਾਫ਼ੀ ਤੇਜ਼ ਦੱਸਿਆ ਜਾ ਰਿਹਾ ਹੈ।
ਐੱਸ.ਐੱਸ.ਐੱਫ. ਨੂੰ ਮਿਲਿਆ ਆਈਫੋਨ ਤੇ 25 ਹਜ਼ਾਰ ਰੁਪਏ
ਬਚਾਅ ਕਾਰਵਾਈ ਦੌਰਾਨ ਐੱਸ. ਐੱਸ. ਐੱਫ. ਜਵਾਨਾਂ ਨੂੰ ਸੂਏ ’ਚੋਂ ਆਈਫੋਨ ਤੇ 25 ਹਜ਼ਾਰ ਰੁਪਏ ਵੀ ਮਿਲੇ। ਟੀਮ ਨੇ ਇਹ ਸਾਮਾਨ ਸੁਰੱਖਿਅਤ ਆਪਣੇ ਕਬਜ਼ੇ ’ਚ ਲੈ ਲਿਆ ਤੇ ਪਛਾਣ ਦੀ ਪੁਸ਼ਟੀ ਕਰਨ ਤੋਂ ਬਾਅਦ ਸਬੰਧਿਤ ਵਿਅਕਤੀ ਨੂੰ ਵਾਪਸ ਕਰ ਦਿੱਤਾ। ਬਚਾਅ ਕਾਰਵਾਈ ’ਚ ਏ. ਐੱਸ. ਆਈ. ਜਸਬੀਰ ਸਿੰਘ, ਕਾਂਸਟੇਬਲ ਮੋਹਿਤ ਸਦਾਨਾ, ਗੁਰਸੇਵਕ ਸ਼ਰਮਾ, ਸੁਨੀਲ ਧਾਮੂ ਤੇ ਮਨਪ੍ਰੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਹਨ੍ਹੇਰੇ ਤੇ ਤੇਜ਼ ਵਹਾਅ ਦੇ ਵਿਚਕਾਰ ਰੋਬਿਨ ਵੱਲੋਂ ਹਿੰਮਤ ਕਰਕੇ ਕਾਰ ’ਚੋਂ ਬਾਹਰ ਨਿਕਲ ਕੇ ਮਦਦ ਤੱਕ ਪਹੁੰਚਣਾ ਤੇ ਉਸ ਤੋਂ ਬਾਅਦ ਜਵਾਨਾਂ ਵੱਲੋਂ ਪਾਣੀ ’ਚ ਉਤਰ ਕੇ ਬਾਕੀ ਸਵਾਰਾਂ ਨੂੰ ਬਚਾਉਣਾ ਇਸ ਹਾਦਸੇ ਦੌਰਾਨ ਰਾਹਤ ਕਾਰਜ ਦੀ ਅਹਿਮ ਕੜੀ ਸਾਬਤ ਹੋਇਆ।