ਗੁਰਦਾਸਪੁਰ : ਫਿਰੋਜ਼ਪੁਰ ਤੋਂ ਹੁਣ ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਗੁਰਦਾਸਪੁਰ ਵਿਖੇ ਡੀ. ਸੀ. ਦਫ਼ਤਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ 'ਚ ਹਲਚਲ ਮਚ ਗਈ ਹੈ। ਧਮਕੀ ਮਿਲਣ ਤੋਂ ਬਾਅਦ ਦਫ਼ਤਰ ਨੂੰ ਖ਼ਾਲੀ ਕਰਾਇਆ ਗਿਆ ਹੈ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਧਮਕੀ ਦੇ ਸਰੋਤ ਦਾ ਪਤਾ ਲਗਾਉਣ ਲਈ ਵੀ ਤਫ਼ਤੀਸ਼ ਜਾਰੀ ਹੈ।
15 ਅਗਸਤ ਨੂੰ ਹਾਈ ਅਲਰਟ ਕਾਰਨ ਪੁਲਸ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਹਰ ਕੋਨੇ 'ਤੇ ਕਰਮਚਾਰੀ ਤਾਇਨਾਤ ਕਰ ਦਿੱਤੇ ਹਨ। ਹਾਲਾਂਕਿ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਈ-ਮੇਲ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਵੇਖਿਆ ਗਿਆ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਈ-ਮੇਲ ਮਿਲਣ 'ਤੇ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਐਸਡੀਐਮ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਸਾਰੀਆਂ ਸ਼ਾਖਾਵਾਂ ਦੇ ਦਫ਼ਤਰ ਖਾਲੀ ਕਰਵਾ ਲਏ।
ਸੂਤਰਾਂ ਅਨੁਸਾਰ ਇਹ ਧਮਕੀ ਭਰੀ ਈ-ਮੇਲ ਅੱਜ ਦੁਪਹਿਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧਿਕਾਰਤ ਈ-ਮੇਲ ਪਤੇ 'ਤੇ ਪ੍ਰਾਪਤ ਹੋਈ। ਈ-ਮੇਲ ਮਿਲਣ 'ਤੇ ਐੱਸ. ਐੱਸ. ਪੀ. ਗੁਰਦਾਸਪੁਰ ਦਫ਼ਤਰ ਨੂੰ ਸੂਚਿਤ ਕੀਤਾ ਗਿਆ। ਪੁਲਸ ਮੌਕੇ 'ਤੇ ਪਹੁੰਚੀ ਅਤੇ ਸਾਰੇ ਦਫ਼ਤਰ ਖਾਲੀ ਕਰਵਾ ਲਏ। ਪੁਲਸ ਨੇ ਪੂਰੇ ਕੰਪਲੈਕਸ ਨੂੰ ਘੇਰ ਲਿਆ ਅਤੇ ਲੋਕਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਦਾਖਲ ਹੋਣ ਤੋਂ ਰੋਕਿਆ।
ਇਸ ਸਬੰਧੀ ਡੀ. ਐੱਸ. ਪੀ. ਸਿਟੀ ਸ਼ਾਹਬਾਜ਼ ਸਿੰਘ, ਹੋਰ ਪੁਲਸ ਅਧਿਕਾਰੀਆਂ ਅਤੇ ਵਿੰਗ ਅਧਿਕਾਰੀਆਂ ਨਾਲ, ਡਿਪਟੀ ਕਮਿਸ਼ਨਰ ਦਫ਼ਤਰ ਵੀ ਪਹੁੰਚੇ ਅਤੇ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਪੁਲਸ ਪੂਰੀ ਜਾਂਚ ਕਰ ਰਹੀ ਹੈ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਤਲਾਸ਼ੀ ਲੈ ਰਹੀ ਹੈ।
ਡੀ. ਐੱਸ. ਪੀ. ਸਿਟੀ ਸ਼ਾਹਬਾਜ਼ ਸਿੰਘ ਦਾ ਕੀ ਕਹਿਣਾ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਸ਼ਾਹਬਾਜ਼ ਸਿੰਘ ਨੇ ਕਿਹਾ ਕਿ ਈਮੇਲ ਦਾ ਸਰੋਤ ਜਾਂਚ ਦਾ ਵਿਸ਼ਾ ਹੈ। "ਅਸੀਂ ਸਮਝੌਤਾ ਨਹੀਂ ਕਰ ਸਕਦੇ," ਉਨ੍ਹਾਂ ਕਿਹਾ ਕਿ ਪੂਰੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਹ ਧਿਆਨ ਦੇਣਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਦੋ ਪ੍ਰਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਵੀ ਪ੍ਰਾਪਤ ਹੋਏ ਸਨ।