ਨਾਰਵੇ ਚੈੱਸ 2025 ਟੂਰਨਾਮੈਂਟ ਵਿੱਚ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਨੇ ਅਖੀਰਲੇ ਦੌਰ ਵਿੱਚ ਅਮਰੀਕੀ ਗ੍ਰੈਂਡਮਾਸਟਰ ਫੈਬਿਆਨੋ ਕਾਰੂਆਨਾ ਖ਼ਿਲਾਫ਼ ਖੇਡਦੇ ਹੋਏ ਇੱਕ ਗ਼ਲਤੀ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਅੱਗੇ ਹੋਣ ਦੇ ਬਾਵਜੂਦ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਖਿਤਾਬ ਜਿੱਤਣ ਦਾ ਮੌਕਾ ਗਵਾ ਬੈਠੇ। ਇਸ ਹਾਰ ਨਾਲ ਗੁਕੇਸ਼ ਤੀਜੇ ਸਥਾਨ 'ਤੇ ਰਹੇ, ਜਦਕਿ ਨਾਰਵੇ ਦੇ ਮੈਗਨਸ ਕਾਰਲਸਨ ਨੇ 16 ਅੰਕਾਂ ਨਾਲ ਸੱਤਵੀਂ ਵਾਰ ਨਾਰਵੇ ਚੈੱਸ ਦਾ ਖ਼ਿਤਾਬ ਜਿੱਤਿਆ।
ਕਾਰਲਸਨ ਨੇ ਆਖਰੀ ਦੌਰ ਵਿੱਚ ਭਾਰਤੀ ਖਿਡਾਰੀ ਅਰਜੁਨ ਏਰੀਗੈਸੀ ਨਾਲ ਡਰਾਅ ਖੇਡਿਆ, ਪਰ ਗੁਕੇਸ਼ ਦੀ ਹਾਰ ਨੇ ਉਨ੍ਹਾਂ ਨੂੰ ਖਿਤਾਬ ਜਿੱਤਣ ਵਿੱਚ ਮਦਦ ਕੀਤੀ। ਗੁਕੇਸ਼ ਨੇ ਮੈਚ ਦੌਰਾਨ ਸਮੇਂ ਦੀ ਕਮੀ ਰਾਣੀ ਦੀ ਚਾਲ ਚੱਲਣ ਸਮੇਂ ਗਲਤੀ ਕਰ ਦਿੱਤੀ, ਜਿਸ ਦਾ ਅਸਰ ਉਨ੍ਹਾਂ ਦੇ ਚਿਹਰੇ 'ਤੇ ਉਸੇ ਪਲ ਦਿਖਾਈ ਦਿੱਤਾ।
ਇਹ ਗ਼ਲਤ ਚਾਲ ਚੱਲਣ ਮਗਰੋਂ ਗੁਕੇਸ਼ ਨੂੰ ਪਤਾ ਲੱਗ ਗਿਆ ਕਿ ਮੈਚ ਉਨ੍ਹਾਂ ਦੇ ਹੱਥੋਂ ਨਿਕਲ ਗਿਆ ਹੈ। ਉਸ ਨੇ ਆਪਣੇ ਚਿਹਰੇ ਨੂੰ ਹੱਥਾਂ ਨਾਲ ਢੱਕ ਲਿਆ ਆਪਣੀ ਹਾਰ ਕਬੂਲ ਕੇ ਕਾਰੂਆਨਾ ਨਾਲ ਹੱਥ ਮਿਲਾ ਕੇ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਕਾਰਲਸਨ ਨੇ ਮੰਨਿਆ ਕਿ ਗੁਕੇਸ਼ ਦੀ ਹਾਰ ਉਨ੍ਹਾਂ ਲਈ ਵੀ ਇੱਕ ਨਕਾਰਾਤਮਕ ਯਾਦ ਰਹੀ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਖਿਡਾਰੀ ਹਾਲੇ ਵੀ ਉੱਚ ਪੱਧਰ 'ਤੇ ਲਗਾਤਾਰ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਗੁਕੇਸ਼ ਦੀ ਹਾਰ ਮਗਰੋਂ ਕਾਰਲਸਨ ਪਹਿਲੇ, ਫੈਬਿਆਨੋ ਕਾਰੂਆਨਾ ਦੂਜੇ ਅਤੇ ਡੀ. ਗੁਕੇਸ਼ ਤੀਜੇ ਸਥਾਨ 'ਤੇ ਰਹੇ।