ਖਰੜ (ਪ੍ਰੀਤ ਪੱਤੀ) : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਤੱਕ ਸਿਹਤ ਸੇਵਾਵਾਂ ਅਤੇ ਸਰਕਾਰੀ ਸਿਹਤ ਯੋਜਨਾਵਾਂ ਦਾ ਲਾਭ ਪਹੁੰਚਾਉਣ ਦੇ ਮੰਤਵ ਨਾਲ ਐੱਸ.ਐੱਮ.ਓ. ਡਾ. ਸਰਿਤਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਖਰੜ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ (ਐੱਮ.ਐੱਮ.ਐੱਸ.ਵਾਈ.)
ਤਹਿਤ ਸਿਹਤ ਕਾਰਡ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਚੇਅਰਮੈਨ, ਯੂਥ ਡਿਵੈਲਪਮੈਂਟ ਬੋਰਡ, ਪੰਜਾਬ ਪਰਮਿੰਦਰ ਸਿੰਘ ਗੋਲਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਲਾਭਪਾਤਰੀਆਂ ਨੂੰ ਸਿਹਤ ਕਾਰਡ ਵੰਡੇ।
ਸਮਾਗਮ ਦੌਰਾਨ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਯੋਜਨਾਵਾਂ ਦਾ ਲਾਭ ਹਰ ਯੋਗ ਪਰਿਵਾਰ ਤੱਕ ਪਹੁੰਚਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ।
ਇਸ ਮੌਕੇ ਸਿਵਲ ਹਸਪਤਾਲ ਖਰੜ ਦੀ ਐੱਸ.ਐੱਮ.ਓ. ਡਾ. ਸਰਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦੇ 1,000 ਤੋਂ ਵੱਧ ਸਿਹਤ ਕਾਰਡਾਂ ਦੀਆਂ ਹਾਰਡ ਕਾਪੀਆਂ ਤਿਆਰ ਹਨ। ਯੋਗ ਲਾਭਪਾਤਰੀ ਸਿਵਲ ਹਸਪਤਾਲ ਖਰੜ ਵਿਖੇ ਪਹੁੰਚ ਕੇ ਆਪਣੇ ਸਿਹਤ ਕਾਰਡ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕਾਰਡ ਪ੍ਰਾਪਤ ਕਰਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਾਭ ਲੈਣ।
ਸਮਾਗਮ ਦੌਰਾਨ ਸਿਹਤ ਵਿਭਾਗ ਵੱਲੋਂ ਲਾਭਪਾਤਰੀਆਂ ਨੂੰ ਕਾਰਡ ਵੰਡਣ ਦੇ ਨਾਲ-ਨਾਲ ਮੁੱਖ ਮੰਤਰੀ ਸਿਹਤ ਯੋਜਨਾ ਅਤੇ ਹੋਰ ਸਰਕਾਰੀ ਸਿਹਤ ਸਹੂਲਤਾਂ ਸਬੰਧੀ ਲੋੜੀਂਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ। ਮੌਜੂਦ ਲੋਕਾਂ ਨੂੰ ਯੋਜਨਾ ਦੇ ਲਾਭ ਅਤੇ ਕਾਰਡ ਦੀ ਵਰਤੋਂ ਸਬੰਧੀ ਵੀ ਜਾਣੂ ਕਰਵਾਇਆ ਗਿਆ।
ਇਸ ਮੌਕੇ ਬਲਾਕ ਸਮਿਤੀ ਖਰੜ ਦੇ ਚੇਅਰਮੈਨ ਰਘੁਬੀਰ ਸਿੰਘ ਮੋਦੀ, ਆਪ ਹਲਕਾ ਮੀਡੀਆ ਇੰਚਾਰਜ ਬਲਜੀਤ ਸਿੰਘ, ਰਾਮ ਸਰੂਪ, ਅੰਜੂ ਚੰਦਰਾ, ਸਾਬਕਾ ਪ੍ਰਧਾਨ ਨਗਰ ਕੌਂਸਲ ਖਰੜ, ਬਿੱਟੂ ਜੈਨ, ਯਸ਼ਪਾਲ ਬਾਂਸਲ, ਹਲਕਾ ਚੇਅਰਮੈਨ ਪੰਜਾਬ ਸਟੇਟ ਟ੍ਰੇਡਿੰਗ ਕਮਿਸ਼ਨ ਅਤੇ ਸੁਖਵਿੰਦਰ ਸਿੰਘ ਡਿੰਪਲ ਤੋਂ ਇਲਾਵਾ ਪਾਰਟੀ ਆਗੂ, ਵਲੰਟੀਅਰ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਜੂਦ ਸਨ।
ਸਿਹਤ ਵਿਭਾਗ ਵੱਲੋਂ ਡਾ. ਸਰਿਤਾ, ਐੱਸ.ਐੱਮ.ਓ., ਡਾ. ਰਮਨ, ਡਾ. ਸੁਖਜੀਤ ਬਾਵਾ, ਡਾ. ਇਸ਼ਾਂਤ, ਡਾ. ਸੁਖਮਨ ਅਤੇ ਡਾ. ਰਾਹੁਲ ਭੱਲਾ ਸਮੇਤ ਹੋਰ ਸਟਾਫ਼ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਿਹਾ।