ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਬਜਟ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਸਮਾਨਤਾ ਦੀ ਸੋਚ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਹੈ ਕਿ ਇਹ ਬਜਟ ਵਿਕਸਿਤ ਭਾਰਤ ਬਣਾਉਣ ਲਈ ਇਕ ਠੋਸ ਕਦਮ ਅਤੇ ਮਜ਼ਬੂਤ ਨੀਂਹ ਹੈ। ਉਨ੍ਹਾਂ ਕਿਹਾ ਕਿ ਅਰਥ ਸ਼ਾਸਤਰ ਤੋਂ ਕੋਰੀ ‘ਆਪ’ ਅਤੇ ਕਾਂਗਰਸ ਪਾਰਟੀ ਇਸ ਬਜਟ ਦੀ ਮੂਲ ਭਾਵਨਾ ਸਮਝਣ ’ਚ ਅਸਮਰੱਥ ਰਹੀਆਂ ਹਨ। ਬੀਤੇ ਦਿੱਲੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਸ ਕੇ ਗਏ ਹਨ ਕਿ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ, ਮੋਗਾ, ਫਿਰੋਜ਼ਪੁਰ ਵਰਗੇ ਇਲਾਕਿਆਂ ’ਚ ਇਸ ਬਜਟ ਦਾ ਲਾਭ ਹੋਵੇਗਾ ਅਤੇ ਇਨ੍ਹਾਂ ਸ਼ਹਿਰਾਂ ਦੇ ਵਿਕਾਸ ਨੂੰ ਹੁੰਗਾਰਾ ਮਿਲੇਗਾ।
ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਭਗਵੰਤ ਸਿੰਘ ਮਾਨ ਨੂੰ ਘੇਰਦਿਆਂ ਸਵਾਲ ਕੀਤਾ ਕਿ ਬਜਟ ਤੋਂ ਪੰਜਾਬ ਨੂੰ ਕੁਝ ਨਾ ਮਿਲਣ ਦੀ ਤੱਥਾਂ ਤੋਂ ਰਹਿਤ ਗੱਲ ਕਰਨ ਵਾਲੇ ਮੁੱਖ ਮੰਤਰੀ ਦੱਸਣ ਕਿ ਉਹ ਕਦੋਂ ਪੰਜਾਬ ਦੀਆਂ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਨੂੰ ਮਿਲੇ ਸਨ। ਹੋਰ ਤਾਂ ਹੋਰ ਬਜਟ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਵੀ ਪੰਜਾਬ ਦੇ ਖਜ਼ਾਨਾ ਮੰਤਰੀ ਕੋਈ ਬਜਟ ਪ੍ਰਸਤਾਵ ਜਾਂ ਵਿਕਾਸ ਦੀ ਮੰਗ ਰੱਖਣ ਦੀ ਬਜਾਏ ਇਹੀ ਮੰਗ ਰੱਖ ਕੇ ਆਏ ਸਨ ਕਿ ਸਾਡੀ ਕਰਜ਼ ਚੁੱਕਣ ਦੀ ਸੀਮਤ (ਸੀਮਾ) ’ਚ ਵਾਧਾ ਕੀਤਾ ਜਾਵੇ।