ਕਾਂਗੋ ਵਿਚ ਇਕ ਜਹਾਜ਼ ਹਾਦਸੇ ’ਚ 2 ਸੀਨੀਅਰ ਫੌਜੀ ਅਧਿਕਾਰੀਆਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਫੌਜ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਦਸੇ ’ਚ ਮਾਰੇ ਗਏ ਸੀਨੀਅਰ ਫੌਜੀ ਅਧਿਕਾਰੀਆਂ ਦੀ ਪਛਾਣ ਫੌਜੀ ਅਦਾਲਤ ਦੇ ਮੁਖੀ ਲੈਫਟੀਨੈਂਟ ਜਨਰਲ ਮੁਤੋਂਬੋ ਕਟਾਲਾਈ ਤਿਏਂਦੇ ਅਤੇ ਹਥਿਆਰਬੰਦ ਫੋਰਸਾਂ ਦੇ ‘ਆਡੀਟਰ ਜਨਰਲ’ ਲੈਫਟੀਨੈਂਟ ਜਨਰਲ ਬਾਕੂਮੀ ਲਿਕੁਲੀਆ ਵਜੋਂ ਹੋਈ ਹੈ।
ਕਾਂਗੋ ਦੀ ਫੌਜ ਦੇ ਬੁਲਾਰੇ ਮੇਜਰ ਜਨਰਲ ਐਫੋਮੀ ਏਕੇਂਗੇ ਨੇ ਇਕ ਬਿਆਨ ਵਿਚ ਦੱਸਿਆ ਕਿ ਹਾਦਸੇ ਵਿਚ ਇਨ੍ਹਾਂ ਦੋਵਾਂ ਅਧਿਕਾਰੀਆਂ ਤੋਂ ਇਲਾਵਾ ਚਾਲਕ ਦਲ ਦੇ ਮੈਂਬਰਾਂ ਸਮੇਤ 12 ਹੋਰ ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਅਨੁਸਾਰ, ਜਹਾਜ਼ ਦੱਖਣ-ਪੱਛਮੀ ਸ਼ਹਿਰ ਕਿਕਵਿਟ ਤੋਂ ਦੇਸ਼ ਦੀ ਰਾਜਧਾਨੀ ਕਿੰਸ਼ਾਸਾ ਪਰਤ ਰਿਹਾ ਸੀ ਤਾਂ ਹੀ ਉਸ ’ਚ ਤਕਨੀਕੀ ਖਰਾਬੀ ਆ ਗਈ ਅਤੇ ਉਹ ਕੇਂਗੇ ’ਚ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਦੱਸਿਆ ਕਿ ਜਹਾਜ਼ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।