ਅਫ਼ਰੀਕੀ ਦੇਸ਼ ਕਾਂਗੋ 'ਚ 'ਇਬੋਲਾ' ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਕਾਂਗੋ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਇਬੋਲਾ ਦੇ ਘੱਟੋ-ਘੱਟ 282 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਮਾਹਿਰਾਂ ਲਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਬੋਲਾ ਦੇ ਇਸ ਮੌਜੂਦਾ ਵੈਰੀਐਂਟ ਦਾ ਹਾਲੇ ਤੱਕ ਦੁਨੀਆ ਵਿੱਚ ਕੋਈ ਪੱਕਾ ਇਲਾਜ ਜਾਂ ਵੈਕਸੀਨ ਉਪਲਬਧ ਨਹੀਂ ਹੈ।
ਸਿਹਤ ਮੰਤਰਾਲੇ ਮੁਤਾਬਕ, ਇਬੋਲਾ ਦੀ ਇਹ ਤਾਜ਼ਾ ਲਹਿਰ ਕਾਂਗੋ ਦੇ ਇਤੁਰੀ ਪ੍ਰਾਂਤ ਤੋਂ ਸ਼ੁਰੂ ਹੋਈ ਸੀ, ਜੋ ਹੁਣ ਇਸ ਦਾ ਮੁੱਖ ਕੇਂਦਰ ਬਣ ਚੁੱਕਾ ਹੈ। ਕੁੱਲ 282 ਮਾਮਲਿਆਂ ਵਿੱਚੋਂ ਇਕੱਲੇ ਇਤੁਰੀ ਪ੍ਰਾਂਤ ਵਿੱਚ ਹੀ 264 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ, ਦੇਸ਼ ਵਿੱਚ ਇਬੋਲਾ ਦੇ 'ਬੁੰਡੀਬੁਗਯੋ ਵਾਇਰਸ' ਵੈਰੀਐਂਟ ਦੇ 1,000 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਸਿਹਤ ਵਿਭਾਗ ਹਾਈ ਅਲਰਟ 'ਤੇ ਹੈ।
ਸਰਕਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਬਿਮਾਰੀ ਦੇ ਫੈਲਣ ਦੀ ਮੁੱਖ ਵਜ੍ਹਾ ਮਰੀਜ਼ਾਂ ਦੇ ਆਪਸੀ ਸੰਪਰਕ ਵਿੱਚ ਆਉਣਾ ਹੈ। 45 ਫ਼ੀਸਦੀ ਸੰਕਰਮਣ ਉਨ੍ਹਾਂ ਲੋਕਾਂ ਵਿੱਚ ਦੇਖਿਆ ਗਿਆ ਹੈ, ਜੋ ਪਹਿਲਾਂ ਤੋਂ ਬਿਮਾਰ ਵਿਅਕਤੀਆਂ ਦੇ ਸਿੱਧੇ ਸੰਪਰਕ ਵਿੱਚ ਆਏ ਸਨ। ਮੌਜੂਦਾ ਸਮੇਂ 220 ਹੋਰ ਸ਼ੱਕੀ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਕਾਂਗੋ ਦੇ ਸਿਹਤ ਮੰਤਰਾਲੇ ਅਨੁਸਾਰ, ਕਿਉਂਕਿ ਇਸ ਵਾਇਰਸ ਦਾ ਕੋਈ ਪੱਕਾ ਇਲਾਜ ਜਾਂ ਟੀਕਾ ਨਹੀਂ ਹੈ, ਇਸ ਲਈ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਇਨਫੈਕਸ਼ਨ ਦੀ ਰੋਕਥਾਮ ਕਰਨਾ ਹੈ। ਸਥਾਨਕ ਪ੍ਰਸ਼ਾਸਨ ਅਤੇ ਵਿਸ਼ਵ ਸਿਹਤ ਸੰਗਠਨ (WHO) ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਆਈਸੋਲੇਟ ਕਰਨ ਅਤੇ ਜਾਗਰੂਕਤਾ ਮੁਹਿੰਮ ਚਲਾਉਣ ਵਿੱਚ ਜੁਟੀਆਂ ਹੋਈਆਂ ਹਨ।