ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਲਗਭਗ 50 ਹਜ਼ਾਰ ਹੈਕਟੇਅਰ ਰਕਬੇ ਤੇ ਕਣਕ ਦੀ ਫਸਲ ਦੀ ਕਾਸ਼ਤ ਕੀਤੀ ਜਾਂਦੀ ਹੈ। ਕਣਕ ਦੀ ਫਸਲ ਦਾ ਚੰਗਾ ਝਾੜ ਅਨਾਜ ਦੇ ਉਤਪਾਦਨ ਵਿੱਚ ਵਾਧਾ ਕਰਦਾ ਹੈ ਅਤੇ ਕਿਸਾਨ ਦੀ ਆਰਥਿਕ ਹਾਲਤ ਸੁਧਾਰ ਕੇ ਕਿਸਾਨੀ ਜੀਵਨ ਵਿੱਚ ਖੁਸ਼ਹਾਲੀ ਲਿਆਉਂਦਾ ਹੈ । ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਵਾਧਾ ਵੇਖਣ ਨੂੰ ਆਇਆ ਹੈ ਅਤੇ ਕਣਕ ਦੇ ਦਾਣੇ ਭਰਨ ਸਮੇਂ ਵੱਧ ਰਹੇ ਤਾਪਮਾਨ ਤੋਂ ਬਚਾਉਣ ਲਈ ਅਤੇ ਝਾੜ ਵਧਾਉਣ ਲਈ ਯੋਗ ਯਤਨ ਕਰਨ ਸਬੰਧੀ ਜਾਗਰੂਕਤਾ ਦੇ ਮੱਦੇਨਜ਼ਰ ਮੁੱਖ ਖੇਤੀਬਾੜੀ ਅਫਸਰ ਡਾ. ਸੁਖਜਿੰਦਰ ਸਿੰਘ ਬਾਜਵਾ ਐੱਸ.ਏ.ਐੱਸ.ਨਗਰ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੇ ਦਾਣੇ ਭਰਨ ਸਮੇਂ ਵੱਧ ਤਾਪਮਾਨ ਦੇ ਬਚਾਅ ਅਤੇ ਵੱਧ ਝਾੜ ਲੈਣ ਲਈ ਦੋ ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ ਦੇ ਦੋ ਛਿੜਕਾਅ ਕਰਨ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ 2 ਪ੍ਰਤੀਸ਼ਤ ਪੋਟਾਸੀਅਮ ਨਾਈਟਰੇਟ ( 13:00:45) ਭਾਵ 4 ਕਿਲੋ ਪੋਟਾਸੀਅਤ ਨਾਈਟਰੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕਿ ਇਕ ਸਪਰੇ ਕਣਕ ਦਾ ਗੋਬ ਵਾਲਾ ਪੱਤਾ ਨਿਕਲਣ ਤੇ ਦੂਜਾ ਸਪਰੇਅ ਬੂਰ ਪੈਣ ਸਮੇਂ ਕਰਨਾ ਚਾਹੀਦਾ ਹੈ, ਜਿਸ ਨਾਲ ਕਣਕ ਦੇ ਝਾੜ ਅਤੇ ਤਾਪਮਾਨ ਦਾ ਅਸਰ ਘੱਟ ਹੋਵੇਗਾ ਅਤੇ ਫਸਲ ਦੀ ਉਪਜ ਵੀ ਵਧੀਆ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਦੀ ਹੈ ਤਾਂ ਉਹ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਦਫਤਰ ਬਲਾਕ ਖੇਤੀਬਾੜੀ ਅਫਸਰ ਖਰੜ, ਮਾਜਰੀ ਅਤੇ ਡੇਰਾਬਸੀ ਨਾਲ ਸੰਪਰਕ ਕਰ ਸਕਦੇ ਹਨ। ਜਿੱਥੇ ਖੇਤੀ ਮਾਹਿਰ ਉਨ੍ਹਾਂ ਦੀ ਸੇਵਾ ਲਈ ਹਾਜ਼ਰ ਰਹਿੰਦੇ ਹਨ ਅਤੇ ਉਨ੍ਹਾਂ ਦੀ ਸਲਾਹ ਨਾਲ ਵਧੀਆ ਫਸਲਾਂ ਦੇ ਝਾੜ ਲੈਣ ਤੇ ਮੌਸਮ ਦੇ ਬਦਾਲਅ ਨਾਲ ਹੋਣ ਵਾਲੇ ਨੁਕਸਾਨ ਦੇ ਨਾਲ ਨਾਲ ਬੇਲੋੜੀਆਂ ਸਪਰੇਆਂ ਦੇ ਵਾਧੂ ਆਰਥਿਕ ਬੋਝ ਤੋਂ ਬਚਾਅ ਕੀਤਾ ਜਾ ਸਕਦਾ ਹੈ।