ਨਵਾਸ਼ਹਿਰ (ਮਨੋਰੰਜਨ ਕਾਲੀਆ) : ਚੋਣਕਾਰ ਸੂਚੀ ਆਬਜ਼ਰਵਰ-ਕਮ-ਡਿਵੀਜ਼ਨਲ ਕਮਿਸ਼ਨਰ, ਰੋਪੜ ਡਿਵੀਜ਼ਨ ਸ੍ਰੀ ਮਨਵੇਸ਼ ਸਿੰਘ ਸਿੱਧੂ ਵੱਲੋਂ ਅੱਜ ਮੰਗਲਵਾਰ ਨੂੰ ਜ਼ਿਲ੍ਹੇ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਐਸ.ਬੀ.ਐਸ. ਨਗਰ ਗੁਲਪ੍ਰੀਤ ਸਿੰਘ ਔਲਖ ਅਤੇ ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ ਦੇ ਨਾਲ, ਈ-ਰੋਲ ਆਬਜ਼ਰਵਰ ਵੱਲੋਂ ਐਸ.ਆਈ.ਆਰ. ਤਹਿਤ ਨੋਟਿਸ ਸਰਵਿਸ, ਸੁਣਵਾਈ ਦੀ ਕਾਰਵਾਈ ਅਤੇ ਰਜਿਸਟ੍ਰੇਸ਼ਨ ਦੇ ਕੰਮ ਦਾ ਜਾਇਜ਼ਾ ਲਿਆ ਗਿਆ।
ਇਸ ਮੀਟਿੰਗ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵਜੋਂ ਵਿਧਾਇਕ ਨਵਾਂਸ਼ਹਿਰ ਡਾ. ਨਛੱਤਰ ਪਾਲ, ਬਸਪਾ ਤੋਂ ਸਰਬਜੀਤ ਜਾਫ਼ਰਪੁਰ, ਆਮ ਆਦਮੀ ਪਾਰਟੀ ਤੋਂ ਸਤਨਾਮ ਜਲਵਾਹਾ, ਸਤਨਾਮ ਜਲਾਲਪੁਰ ਅਤੇ ਨਿਤਿਨ ਚੌਧਰੀ, ਭਾਜਪਾ ਤੋਂ ਮੁਨੀਸ਼ ਅਗਨੀਹੋਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਦਿਨੇਸ਼ ਕੁਮਾਰ ਹਾਜ਼ਰ ਸਨ। ਉਨ੍ਹਾਂ ਨੇ ਮੀਟਿੰਗ ਦੌਰਾਨ ਆਪਣੇ ਸੁਝਾਅ ਵੀ ਸਾਂਝੇ ਕੀਤੇ।
ਪੂਰੀ ਨਿਰਪੱਖਤਾ, ਪਾਰਦਰਸ਼ਤਾ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ 'ਤੇ ਜ਼ੋਰ ਦਿੰਦਿਆਂ ਸ੍ਰੀ ਸਿੱਧੂ ਨੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓਜ਼) ਨੂੰ ਨਿਰਦੇਸ਼ ਦਿੱਤੇ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਵਿੱਚੋਂ ਬਾਹਰ ਨਾ ਰਹੇ ਅਤੇ ਕੋਈ ਵੀ ਅਯੋਗ ਵਿਅਕਤੀ ਸ਼ਾਮਲ ਨਾ ਹੋਵੇ। ਉਨ੍ਹਾਂ ਅਧਿਕਾਰੀਆਂ ਨੂੰ ਨਵੇਂ ਨਾਮ ਸ਼ਾਮਲ ਕਰਨ, ਨਾਮ ਕਟਵਾਉਣ ਅਤੇ ਦਰੁਸਤੀ ਸਬੰਧੀ ਅਰਜ਼ੀਆਂ ਦਾ ਬਿਨਾਂ ਕਿਸੇ ਦੇਰੀ ਤੋਂ ਜਲਦੀ ਨਿਪਟਾਰਾ ਕਰਨ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਦੀ ਸਹੂਲਤ ਲਈ ਦਸਤਾਵੇਜ਼ਾਂ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਂਦਿਆਂ ਮੌਕੇ 'ਤੇ ਹੀ ਫਿਜ਼ੀਕਲ ਰਿਹਾਇਸ਼ੀ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 1 ਜੂਨ 2026 ਤੋਂ 7 ਸਤੰਬਰ 2026 ਤੱਕ ਜ਼ਿਲ੍ਹੇ ਵਿੱਚ ਦਾਅਵੇ ਅਤੇ ਇਤਰਾਜ਼ਾਂ ਸਬੰਧੀ ਕੁੱਲ 30,564 ਫਾਰਮ ਪ੍ਰਾਪਤ ਹੋਏ ਹਨ। ਇਨ੍ਹਾਂ ਵਿੱਚ 11,817 ਫਾਰਮ 6 (ਨਵੇਂ ਵੋਟਰ), 331 ਫਾਰਮ 6-ਏ, 2,926 ਫਾਰਮ 7 (ਨਾਮ ਕਟਵਾਉਣ/ਇਤਰਾਜ਼) ਅਤੇ 15,490 ਫਾਰਮ 8 (ਸੋਧ/ਤਬਦੀਲੀ) ਸ਼ਾਮਲ ਹਨ, ਜੋ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਹਨ।
ਡੀ.ਸੀ. ਨੇ ਅੱਗੇ ਦੱਸਿਆ ਕਿ ਅਨਮੈਪਡ ਵੋਟਰਾਂ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ, 10,000 ਤੋਂ ਵੱਧ ਵੋਟਰਾਂ ਤੋਂ ਦਸਤਾਵੇਜ਼ ਪ੍ਰਾਪਤ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 2,437 ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਦੀ ਪੜਤਾਲ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰ ਲਈ ਜਾਵੇਗੀ, ਜਦੋਂ ਕਿ ਸੁਣਵਾਈ ਦਾ ਦੂਜਾ ਪੜਾਅ 15 ਸਤੰਬਰ ਤੱਕ ਮੁਕੰਮਲ ਹੋ ਜਾਵੇਗਾ।
ਡਰਾਫਟ ਐਸ.ਆਈ.ਆਰ. 2026 ਦੇ ਅੰਕੜਿਆਂ ਅਨੁਸਾਰ, ਜ਼ਿਲ੍ਹੇ ਵਿੱਚ ਕੁੱਲ 4,46,702 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚ 2,33,224 ਪੁਰਸ਼, 2,13,464 ਮਹਿਲਾਵਾਂ ਅਤੇ 14 ਟਰਾਂਸਜੈਂਡਰ ਵੋਟਰ ਸ਼ਾਮਲ ਹਨ, ਜਿਨ੍ਹਾਂ ਲਈ 444 ਥਾਵਾਂ 'ਤੇ 618 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਅਧਿਕਾਰੀਆਂ ਨੂੰ ਅੰਤਿਮ ਪ੍ਰਕਾਸ਼ਨਾ ਤੋਂ ਪਹਿਲਾਂ ਸਖ਼ਤ ਸਮਾਂ-ਸੀਮਾ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਸ ਮੀਟਿੰਗ ਵਿੱਚ ਐਸ.ਡੀ.ਐਮ. ਬਲਾਚੌਰ ਸੁਨੀਲ ਫੋਗਾਟ, ਐਸ.ਡੀ.ਐਮ. ਬੰਗਾ ਵਿਪਿਨ ਭੰਡਾਰੀ ਅਤੇ ਐਸ.ਡੀ.ਐਮ. ਨਵਾਂਸ਼ਹਿਰ ਅਨਮਜੋਤ ਕੌਰ ਵੀ ਹਾਜ਼ਰ ਸਨ।