ਐਮੀ ਜੋਂਸ (129), ਟੈਮੀ ਬੋਮਾਂਟ (106) ਦੀ ਸੈਂਕੜੇ ਅਤੇ ਐਮਾ ਲੈਂਬ (55) ਦੀ ਅਰਧ-ਸੈਂਕੜੇ ਵਾਲੀ ਪਾਰੀ ਦੇ ਏਲਿਸ ਕੈਪਸੀ (3 ਵਿਕਟ), ਲਿੰਸੀ ਸਮਿੱਥ ਅਤੇ ਲਾਰੇਨ ਫਾਈਲਰ (2-2 ਵਿਕਟ) ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਦੀ ਮਹਿਲਾ ਟੀਮ ਨੇ ਦੂਸਰੇ ਵਨਡੇ ਮੁਕਾਬਲੇ ’ਚ ਵੈਸਟਇੰਡੀਜ਼ ਨੂੰ 143 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਇੰਗਲੈਂਡ ਨੇ 3 ਮੈਚਾਂ ਦੀ ਲੜੀ ’ਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ।
ਲੈਸਟਰ ਦੇ ਗ੍ਰੇਸ ਰੋਡ ਸਟੇਡੀਅਮ ’ਚ ਬੁੱਧਵਾਰ ਰਾਤ ਖੇਡੇ ਗਏ ਮੁਕਾਬਲੇ ’ਚ ਇੰਗਲੈਂਡ ਦੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਨਿਰਧਾਰਿਤ 50 ਓਵਰਾਂ ’ਚ 6 ਵਿਕਟਾਂ ’ਤੇ 366 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਜਵਾਬ ’ਚ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਵੈਸਟਇੰਡੀਜ਼ ਦੀ ਪੂਰੀ ਟੀਮ ਨੂੰ 45.4 ਓਵਰ ’ਚ 233 ਦੌੜਾਂ ’ਤੇ ਸਿਮੇਟ ਦਿੱਤਾ।