ਮਾਸਕੋ : ਰੂਸ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰੂਸ ਦੇ ਓਜ਼ਰਨੋਵਸਕੀ ਤੋਂ 76 ਕਿਲੋਮੀਟਰ ਉੱਤਰ-ਪੂਰਬ ਵਿੱਚ 6.9 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਅਨੁਸਾਰ, ਭੂਚਾਲ ਦਾ ਕੇਂਦਰ 143.2 ਕਿਲੋਮੀਟਰ ਦੀ ਡੂੰਘਾਈ 'ਤੇ 52.01 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 157.25 ਡਿਗਰੀ ਪੂਰਬੀ ਰੇਖਾਂਸ਼ 'ਤੇ ਦਰਜ ਕੀਤਾ ਗਿਆ।
ਰੂਸ ਦੀ ਸਰਕਾਰੀ ਸਮਾਚਾਰ ਏਜੰਸੀ 'ਟਾਸ' ਨੇ ਰੂਸੀ ਅਕੈਡਮੀ ਆਫ਼ ਸਾਇੰਸਜ਼ ਦੀ ਜੀਓਫਿਜ਼ੀਕਲ ਸਰਵਿਸ ਦੀ ਕਾਮਚਾਤਕਾ ਸ਼ਾਖਾ ਦੇ ਹਵਾਲੇ ਨਾਲ ਦੱਸਿਆ ਕਿ ਪੈਟਰੋਪਾਵਲੋਵਸਕ-ਕਾਮਚਾਤਸਕੀ ਵਿਖੇ 4 ਤੋਂ 5 ਦੀ ਤੀਬਰਤਾ ਤੱਕ ਦੇ ਝਟਕੇ ਮਹਿਸੂਸ ਕੀਤੇ ਗਏ। ਵਿਗਿਆਨੀਆਂ ਨੇ ਪਹਿਲਾਂ ਇਸ ਦੀ ਤੀਬਰਤਾ 6.5 ਦੱਸੀ ਸੀ, ਪਰ ਬਾਅਦ ਵਿੱਚ ਇਸ ਨੂੰ ਸੋਧ ਕੇ 6.9 ਕਰ ਦਿੱਤਾ ਗਿਆ। ਭੂ-ਵਿਗਿਆਨੀਆਂ ਅਨੁਸਾਰ ਇਸ ਭੂਚਾਲ ਦਾ ਕੇਂਦਰ ਧਰਤੀ 'ਤੇ ਪੈਟਰੋਪਾਵਲੋਵਸਕ-ਕਾਮਚਾਤਸਕੀ ਤੋਂ 156 ਕਿਲੋਮੀਟਰ ਦੱਖਣ-ਪੱਛਮ ਵਿੱਚ 138 ਕਿਲੋਮੀਟਰ ਦੀ ਡੂੰਘਾਈ 'ਤੇ ਸੀ।
ਚਸ਼ਮਦੀਦਾਂ ਅਨੁਸਾਰ ਸਥਾਨਕ ਸਮੇਂ ਮੁਤਾਬਕ ਦੁਪਹਿਰ 3:36 ਵਜੇ (3:36 a.m. GMT) ਆਇਆ ਇਹ ਭੂਚਾਲ ਲਗਭਗ ਇੱਕ ਮਿੰਟ ਤੱਕ ਜਾਰੀ ਰਿਹਾ। ਇਮਾਰਤਾਂ ਦੇ ਅੰਦਰ ਲਾਈਟਾਂ ਜ਼ੋਰ-ਜ਼ੋਰ ਨਾਲ ਹਿੱਲਣ ਲੱਗੀਆਂ, ਦਰਵਾਜ਼ੇ ਆਪੇ ਖੜਕ ਕੇ ਬੰਦ ਹੋ ਗਏ ਅਤੇ ਬਰਤਨ ਵੀ ਛਣਕਣ ਲੱਗੇ। ਝਟਕੇ ਤੇਜ਼ ਹੋਣ ਕਾਰਨ ਇਲਾਕੇ ਦੇ ਕਈ ਰਿਹਾਇਸ਼ੀ ਅਪਾਰਟਮੈਂਟਾਂ ਤੋਂ ਲੋਕ ਦਹਿਸ਼ਤ ਵਿੱਚ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ।