ਫਰਾਂਸ ਦੇ ਇਵੀਆਨ ਸ਼ਹਿਰ 'ਚ ਚੱਲ ਰਹੇ G7 ਸੰਮੇਲਨ ਦੌਰਾਨ ਇੱਕ ਦਿਲਚਸਪ ਅਤੇ ਵਾਇਰਲ ਪਲ ਕੈਮਰੇ 'ਚ ਕੈਦ ਹੋਇਆ ਹੈ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਆਗਤ ਕਰਦੇ ਹੋਏ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, "ਅਸੀਂ ਇੰਸਟਾਗ੍ਰਾਮ 'ਤੇ ਸਭ ਤੋਂ ਮਸ਼ਹੂਰ ਕਪਲ ਹਾਂ।"
ਦੋਵਾਂ ਲੀਡਰਾਂ ਵਿਚਾਲੇ ਅਧਿਕਾਰਤ ਮੁਲਾਕਾਤਾਂ ਦੌਰਾਨ ਹਮੇਸ਼ਾ ਹੀ ਸ਼ਾਨਦਾਰ ਦੋਸਤੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਪਹਿਲਾਂ ਜਦੋਂ ਪੀ.ਐੱਮ. ਮੋਦੀ ਇਟਲੀ ਗਏ ਸਨ, ਤਾਂ ਉਨ੍ਹਾਂ ਨੇ ਮੇਲੋਨੀ ਨੂੰ 'ਮੈਲੋਡੀ' ਟੌਫ਼ੀਆਂ ਦਾ ਇੱਕ ਪੈਕੇਟ ਤੋਹਫ਼ੇ ਵਜੋਂ ਦਿੱਤਾ ਸੀ, ਜੋ ਕਿ ਇੰਟਰਨੈੱਟ 'ਤੇ ਇਨ੍ਹਾਂ ਦੋਵਾਂ ਆਗੂਆਂ ਦੇ ਨਾਂ ਨੂੰ ਮਿਲਾ ਕੇ ਬਣਾਏ ਗਏ ਸੁਪਰਹਿੱਟ ਨਾਮ 'ਮੈਲੋਡੀ' (Melodi) ਨਾਲ ਮਿਲਦਾ-ਜੁਲਦਾ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਭਾਰਤ ਅਤੇ ਇਟਲੀ ਦੇ ਸਬੰਧਾਂ ਨੂੰ 'ਵਿਸ਼ੇਸ਼ ਰਣਨੀਤਕ ਭਾਈਵਾਲੀ' 'ਚ ਬਦਲਿਆ ਹੈ।
ਸੰਮੇਲਨ ਦੌਰਾਨ ਸਾਂਝੀ ਕੀਤੀ ਗਈ ਇੱਕ ਵੀਡੀਓ 'ਚ ਮੇਲੋਨੀ ਨੇ ਦੂਜੇ G7 ਨੇਤਾਵਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਮਹੀਨਾ ਪਹਿਲਾਂ ਸਿਗਰਟ ਪੀਣੀ ਛੱਡ ਦਿੱਤੀ ਹੈ। ਪਿਛਲੇ ਸਾਲ ਅਕਤੂਬਰ ਵਿੱਚ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਮੇਲੋਨੀ ਨੂੰ ਸਿਗਰਟ ਛੱਡਣ ਲਈ ਮਨਾਉਣ ਦਾ ਵਾਅਦਾ ਕੀਤਾ ਸੀ। ਪਰ ਉੱਥੇ ਮੌਜੂਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹੱਸਦੇ ਹੋਏ ਕਿਹਾ ਸੀ, "ਇਹ ਨਹੀਂ ਹੋ ਸਕਦਾ।'' ਮੇਲੋਨੀ ਨੇ ਮਜ਼ਾਕ ਵਿੱਚ ਚਿਤਾਵਨੀ ਦਿੰਦੇ ਹੋਏ ਕਿਹਾ, "ਸਿਗਰਟ ਛੱਡਣ ਨਾਲ ਮੈਂ ਸ਼ਾਇਦ ਘੱਟ ਮਿਲਣਸਾਰ ਹੋ ਜਾਵਾਂ... ਮੈਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੀ।"