ਏਕਤਾ ਨਗਰ (ਗੁਜਰਾਤ) : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਾਲ 2024 ਲਈ 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਨਾਲ ਭਾਰਤੀ ਸਿਨੇਮਾ ਦੀਆਂ ਚੋਟੀ ਦੀਆਂ ਹਸਤੀਆਂ ਨੂੰ ਮੰਗਲਵਾਰ ਸਨਮਾਨਿਤ ਕੀਤਾ। ਬਜ਼ੁਰਗ ਕੰਨੜ ਅਦਾਕਾਰ ਅਨੰਤ ਨਾਗ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ ਜਦੋਂ ਕਿ ਕਾਰਤਿਕ ਆਰੀਅਨ ਤੇ ਮਾਮੂਟੀ ਨੂੰ ਸਰਵੋਤਮ ਅਦਾਕਾਰ ਤੇ ਯਾਮੀ ਗੌਤਮ ਨੂੰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਰਾਸ਼ਟਰਪਤੀ ਨੇ ਗੁਜਰਾਤ ਦੇ ਨਰਮਦਾ ਜ਼ਿਲੇ ਦੇ ਏਕਤਾ ਨਗਰ ’ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ’ਚ ਜੇਤੂਆਂ ਨੂੰ ਪੁਰਸਕਾਰ ਭੇਟ ਕੀਤੇ। ਇਹ ਸਮਾਰੋਹ ਸ਼ਾਨਦਾਰ ‘ਸਟੈਚੂ ਆਫ ਯੂਨਿਟੀ’ ਦੇ ਨੇੜੇ ਹੋਇਆ ਜਿਸ ਕਾਰਨ ਇਸ ਸਮਾਗਮ ਦੀ ਸ਼ਾਨ ਹੋਰ ਵੀ ਵੱਧ ਗਈ।
ਅਦਾਕਾਰ ਤੋਂ ਨਿਰਦੇਸ਼ਕ ਬਣੇ ਰਣਦੀਪ ਹੁੱਡਾ ਨੂੰ ‘ਸਵਤੰਤਰ ਵੀਰ ਸਾਵਰਕਰ’ ਲਈ ਸਰਵੋਤਮ ਡੈਬਿਊ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ, ਜਦੋਂ ਕਿ ਰਾਜ ਕੁਮਾਰ ਪੇਰੀਆਸਾਮੀ ਨੂੰ ਤਾਮਿਲ ਫਿਲਮ ‘ਅਮਰਨ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ। ਯਾਮੀ ਗੌਤਮ ਨੇ ਫਿਲਮ ‘ਆਰਟੀਕਲ 370’ ’ਚ ਆਪਣੇ ਦਮਦਾਰ ਪ੍ਰਦਰਸ਼ਨ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ। ਮਾਮੂਟੀ ਤੇ ਕਾਰਤਿਕ ਆਰੀਅਨ ਨੇ ਕ੍ਰਮਵਾਰ ‘ਬ੍ਰਹਮਯੁਗਮ’ ਤੇ ‘ਚੰਦੂ ਚੈਂਪੀਅਨ’ ਵਿਚ ਆਪਣੇ ਪ੍ਰਦਰਸ਼ਨ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਸਾਂਝਾ ਕੀਤਾ। ਸੁਮੀਰਾ ਰਾਏ ਵੱਲੋਂ ਨਿਰਦੇਸ਼ਤ ਤੇ ਨਿਰਮਿਤ ‘ਭੰਗਰ’ ਨੇ ਸਰਵੋਤਮ ਗੈਰ-ਫੀਚਰ ਫਿਲਮ ਦਾ ਪੁਰਸਕਾਰ ਜਿੱਤਿਆ। ਸੰਜੀਵ ਸ਼੍ਰੀਵਾਸਤਵ ਨੂੰ ਰਾਸ਼ਟਰਪਤੀ ਤੋਂ ਹਿੰਦੀ ’ਚ ਸਰਵੋਤਮ ਫਿਲਮ ਆਲੋਚਕ ਦਾ ਪੁਰਸਕਾਰ ਮਿਲਿਆ।
‘ਆਰਟੀਕਲ 370’ ਨੂੰ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ
ਆਦਿਤਿਆ ਸੁਹਾਸ ਜੰਭਾਲੇ ਵੱਲੋਂ ਨਿਰਦੇਸ਼ਤ ‘ਆਰਟੀਕਲ 370’ ਨੇ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਜਿੱਤਿਆ। ਸਚਾਨਾ ਨਮੀਦਾਸ ਨੇ ਤਾਮਿਲ ਫਿਲਮ ‘ਮਹਾਰਾਜਾ’ ਲਈ ਸਰਵੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਹਾਸਲ ਕੀਤਾ। ਤੇਲਗੂ ਫਿਲਮ ‘ਪੁਸ਼ਪਾ : ਦ ਰੂਲ ਪਾਰਟ 2’ ਨੇ ਸਰਵੋਤਮ ਕਾਸਟਿਊਮ ਡਿਜ਼ਾਈਨ ਦਾ ਪੁਰਸਕਾਰ ਜਿੱਤਿਆ। ਆਰ. ਕਲੈਵਾਨਨ ਨੇ ਤਾਮਿਲ ਫਿਲਮ ‘ਅਮਰਾਨ’ ਲਈ ਸਰਵੋਤਮ ਸੰਪਾਦਨ ਦਾ ਪੁਰਸਕਾਰ ਜਿੱਤਿਆ। ਮਨੋਜ ਮੁੰਤਸ਼ੀਰ ਨੇ ਫਿਲਮ ‘ਮੈਦਾਨ’ ਦੇ ਗੀਤ ‘ਜਾਨੇ ਦੋ’ ਲਈ ਸਰਵੋਤਮ ਗੀਤਕਾਰ ਦਾ ਪੁਰਸਕਾਰ ਜਿੱਤਿਆ। ਬਾਲੀਵੁੱਡ ਅਦਾਕਾਰ ਸੰਜੇ ਮਿਸ਼ਰਾ ਨੂੰ ‘ਭਕਸ਼ਕ’ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ।