ਇਕ ਪਾਸੇ ਜਿੱਥੇ ਭਲਕੇ ਆਈ.ਪੀ.ਐੱਲ. ਦਾ ਫਾਈਨਲ ਮੁਕਾਬਲਾ ਖੇਡਿਆ ਜਾਣਾ ਹੈ, ਉੱਥੇ ਹੀ ਅੰਤਰਰਾਸ਼ਟਰੀ ਕ੍ਰਿਕਟ ਜਗਤ ਤੋਂ ਅੱਜ ਇਕ ਵੱਡੀ ਖ਼ਬਰ ਉਸ ਸਮੇਂ ਸਾਹਮਣੇ ਆਈ, ਜਦੋਂ ਦੱਖਣੀ ਅਫਰੀਕਾ ਦੇ ਧਾਕੜ ਬੱਲੇਬਾਜ਼ ਹੈਨਰਿਕ ਕਲਾਸੇਨ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾ ਕੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਪਾ ਕੇ ਲਿਖਿਆ, ''ਇਹ ਮੇਰੇ ਲਈ ਇਕ ਬੇਹੱਦ ਦੁਖ਼ਦਾਈ ਦਿਨ ਹੈ, ਜਦੋਂ ਮੈਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਮੈਂ ਕਾਫ਼ੀ ਲੰਬੀ ਸੋਚ-ਵਿਚਾਰ ਕਰਨ ਤੋਂ ਬਾਅਦ ਲਿਆ ਹੈ ਕਿ ਮੇਰੇ ਤੇ ਮੇਰੇ ਪਰਿਵਾਰ ਦੇ ਭਵਿੱਖ ਲਈ ਕੀ ਚੰਗਾ ਹੈ। ਇਹ ਮੇਰੇ ਲਈ ਇਕ ਬੇਹੱਦ ਮੁਸ਼ਕਲ ਫੈਸਲਾ ਹੈ ਤੇ ਇਸ ਮਗਰੋਂ ਹੁਣ ਮੈਂ ਕਾਫ਼ੀ ਸ਼ਾਂਤ ਵੀ ਹਾਂ।''
ਜ਼ਿਕਰਯੋਗ ਹੈ ਕਿ ਹੈਨਰਿਕ ਕਲਾਸੇਨ ਦੱਖਣੀ ਅਫਰੀਕੀ ਟੀਮ ਦਾ ਅੰਤਰਰਾਸ਼ਟਰੀ ਵਿਕਟਕੀਪਰ ਬੱਲੇਬਾਜ਼ ਸੀ ਤੇ ਉਹ ਆਪਣੀ ਹਮਲਾਵਰ ਬੱਲੇਬਾਜ਼ੀ ਲਈ ਦੁਨੀਆਭਰ 'ਚ ਮਸ਼ਹੂਰ ਹੈ। ਆਈ.ਪੀ.ਐੱਲ. 'ਚ ਵੀ ਉਹ ਸਨਰਾਈਜ਼ਰਜ਼ ਹੈਦਰਾਬਾਦ ਦਾ ਹਿੱਸਾ ਹੈ ਤੇ ਇਸ ਸਾਲ ਉਸ ਨੇ ਧਮਾਕੇਦਾਰ ਸੈਂਕੜਾ ਵੀ ਜੜਿਆ ਸੀ।
ਦੱਖਣੀ ਅਫਰੀਕਾ ਲਈ ਉਸ ਨੇ 60 ਮੈਚਾਂ 'ਚ 4 ਸੈਂਕੜੇ ਤੇ 11 ਅਰਧ ਸੈਂਕੜਿਆਂ ਸਣੇ 117 ਦੇ ਸਟ੍ਰਾਈਕ ਰੇਟ ਨਾਲ ਕੁੱਲ 2141 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਟੀ-20 'ਚ ਉਸ ਨੇ 58 ਅੰਤਰਰਾਸ਼ਟਰੀ ਮੁਕਾਬਲਿਆਂ 'ਚ 141 ਦੇ ਸਟ੍ਰਾਈਕ ਰੇਟ ਨਾਲ 1000 ਦੌੜਾਂ ਬਣਾਈਆਂ ਹਨ ਤੇ 5 ਅਰਧ ਸੈਂਕੜੇ ਜੜੇ ਹਨ। ਟੈਸਟ 'ਚ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਹੈ। ਉਸ ਨੇ 4 ਟੈਸਟ ਮੈਚ ਖੇਡੇ ਹਨ ਤੇ ਸਿਰਫ਼ 104 ਦੌੜਾਂ ਬਣਾਈਆਂ ਹਨ।
ਜੇਕਰ ਉਸ ਦੇ ਆਈ.ਪੀ.ਐੱਲ. ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਸ ਨੇ ਹੁਣ ਤੱਕ ਇਸ ਟੂਰਨਾਮੈਂਟ 'ਚ 49 ਮੈਚ ਖੇਡੇ ਹਨ ਤੇ ਇਸ ਦੌਰਾਨ ਉਸ ਨੇ 2 ਸੈਂਕੜੇ ਤੇ 7 ਅਰਧ ਸੈਂਕੜਿਆਂ ਸਣੇ 169 ਦੇ ਸਟ੍ਰਾਈਕ ਰੇਟ ਨਾਲ ਕੁੱਲ 1480 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 98 ਚੌਕੇ ਤੇ 89 ਛੱਕੇ ਵੀ ਜੜੇ ਹਨ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਧਾਕੜ ਆਲਰਾਊਂਡਰ ਗਲੈੱਨ ਮੈਕਸਵੈੱਲ ਨੇ ਵੀ ਅੱਜ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਸ ਨੇ ਕਿਹਾ ਸੀ ਕਿ ਉਹ ਆਪਣੀ ਟੀ-20 ਦੀ ਗੇਮ 'ਤੇ ਫੋਕਸ ਕਰਨਾ ਚਾਹੁੰਦਾ ਹੈ ਤੇ ਇਸ ਲਈ ਉਸ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।