ਚੰਡੀਗੜ੍ਹ : ਮਨੀ ਲਾਂਡਰਿੰਗ ਦੇ ਚਰਚਿਤ ਮਾਮਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਪੰਜਾਬ ਪੁਲਸ ਨੂੰ ਤੀਜੀ ਵਾਰ ਚਿੱਠੀ ਲਿਖੀ ਗਈ ਹੈ। ਈ. ਡੀ. ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਪੰਜਾਬ ਪੁਲਸ ਨੂੰ ਤੁਰੰਤ ਐੱਫ. ਆਈ. ਆਰ. ਦਰਜ ਕਰਨੀ ਚਾਹੀਦੀ ਹੈ ਅਤੇ ਇਸ ਮਾਮਲੇ ਸਬੰਧੀ ਹਾਈਕੋਰਟ 'ਚ 3 ਸਤੰਬਰ ਨੂੰ ਜਿਹੜੀ ਸੁਣਵਾਈ ਹੋਣੀ ਹੈ, ਉਸ ਤੋਂ ਪਹਿਲਾਂ ਐੱਫ. ਆਈ. ਆਰ. ਦੀ ਇਕ ਕਾਪੀ ਈ. ਡੀ. ਨੂੰ ਮੁਹੱਈਆ ਕਰਵਾਉਣ ਦੀ ਵੀ ਗੱਲ ਕੀਤੀ ਹੈ। ਈ. ਡੀ. ਨੇ ਖ਼ਦਸ਼ਾ ਜਤਾਇਆ ਹੈ ਕਿ ਜੇਕਰ ਪੁਲਸ ਕੇਸ ਦਰਜ ਕਰਨ 'ਚ ਦੇਰੀ ਕਰਦੀ ਹੈ ਤਾਂ ਇਸ ਸਬੰਧੀ ਸਬੂਤਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।
ਜਾਣਕਾਰੀ ਮੁਤਾਬਕ ਪੰਜਾਬ ਪੁਲਸ ਨੇ ਪਹਿਲਾਂ ਲਿਖੇ ਪੱਤਰ 'ਚ ਕੇਸ ਦਰਜ ਕਰਨ ਤੋਂ ਪਹਿਲਾਂ ਈ. ਡੀ. ਦੇ ਅਧਿਕਾਰਤ ਅਧਿਕਾਰੀ ਦੀ ਤਾਇਨਾਤੀ ਦੀ ਮੰਗ ਕੀਤੀ ਸੀ ਅਤੇ ਸਬੂਤ ਆਦਿ ਨਾਲ ਸਬੰਧਿਤ ਪੂਰੇ ਰਿਕਾਰਡ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕੇਂਦਰੀ ਏਜੰਸੀ ਨੇ 7 ਅਗਸਤ ਨੂੰ ਈਮੇਲ ਭੇਜ ਕੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਈ. ਡੀ. ਦਾ ਕਹਿਣਾ ਹੈ ਕਿ ਜਾਣਕਾਰੀ ਸਾਂਝੀ ਕੀਤੇ ਜਾਣ ਤੋਂ ਬਾਅਦ 30 ਦਿਨਾਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਅਤੇ ਹੁਣ ਇਸ ਪੜਾਅ 'ਚ ਕਿਸੇ ਹੋਰ ਮੁੱਢਲੀ ਜਾਂਚ ਦੀ ਲੋੜ ਨਹੀਂ ਹੈ।
ਈ. ਡੀ. ਨੇ ਸੁਪਰੀਮ ਕੋਰਟ ਦੇ ਵਿਜੇ ਮਦਨਲਾਲ ਚੌਧਰੀ ਅਤੇ ਲਲਿਤਾ ਕੁਮਾਰੀ ਫ਼ੈਸਲਿਆਂ ਦਾ ਹਵਾਲਾ ਦੇ ਕੇ ਕਿਹਾ ਹੈ ਕਿ ਸੰਗੀਨ ਅਪਰਾਧਾਂ ਦੀ ਜਾਣਕਾਰੀ ਮਿਲਣ 'ਤੇ ਐੱਫ. ਆਈ. ਆਰ. ਦਰਜ ਕਰਨਾ ਪੁਲਸ ਲਈ ਲਾਜ਼ਮੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਈ. ਡੀ. ਵਲੋਂ ਪੰਜਾਬ ਦੇ ਡੀ. ਜੀ. ਪੀ. ਨੂੰ 9 ਪੰਨਿਆਂ ਦੀ ਚਿੱਠੀ ਭੇਜੀ ਗਈ ਸੀ, ਜਿਸ 'ਚ 61 ਮਾਮਲਿਆਂ ਦੀ ਗੂੰਜ ਪਈ ਸੀ। ਇਸ ਚਿੱਠੀ 'ਚ 23 ਅਫ਼ਸਰਾਂ ਅਤੇ 4 ਨਿੱਜੀ ਵਿਚੋਲਿਆਂ ਦਾ ਹਵਾਲਾ ਦਿੱਤਾ ਗਿਆ ਸੀ। ਹੁਣ ਈ. ਡੀ. ਵਲੋਂ ਪੰਜਾਬ ਪੁਲਸ ਨੂੰ ਇਹ ਤੀਜੀ ਚਿੱਠੀ ਲਿਖੀ ਗਈ ਹੈ।