ਚੰਡੀਗੜ੍ਹ/ਮੋਹਾਲੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਆਰ. ਆਈ. ਏ. ਸ਼ਾਖਾ, ਡੀ. ਸੀ. ਦਫ਼ਤਰ ਐੱਸ. ਏ. ਐੱਸ. ਨਗਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਭੁਪਿੰਦਰ ਕੌਰ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਪਿੰਡ ਚਿਤ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਦੋਸ਼ੀ ਸੀਨੀਅਰ ਸਹਾਇਕ ਨੇ ਸ਼ਿਕਾਇਤਕਰਤਾ ਤੋਂ ਸਕਾਈ ਰੌਕ ਵੈਲਫੇਅਰ ਸੁਸਾਇਟੀ, ਸੈਕਟਰ 111/112, ਮੋਹਾਲੀ ਵਿਖੇ ਨਿਲਾਮੀ ਪਲਾਟ ਦਿਵਾਉਣ ਬਦਲੇ 8,00,000 ਰੁਪਏ ਬਤੌਰ ਰਿਸ਼ਵਤ ਮੰਗੇ ਸਨ। ਗੈਰ-ਕਾਨੂੰਨੀ ਰਿਸ਼ਵਤ ਦੇਣ ਤੋਂ ਇਨਕਾਰੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ-1 ਐੱਸ. ਏ. ਐੱਸ. ਨਗਰ ਕੋਲ ਪਹੁੰਚ ਕੀਤੀ।
ਉਸਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਦੀ ਟੀਮ ਨੇ ਦੋਸ਼ੀ ਸੀਨੀਅਰ ਸਹਾਇਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਸ਼ਿਕਾਇਤਕਰਤਾ ਤੋਂ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ 'ਚ ਦੋਸ਼ੀ ਖ਼ਿਲਾਫ਼ਵਿਜੀਲੈਂਸ ਬਿਊਰੋ ਪੁਲਸ ਥਾਣਾ ਐੱਸ. ਏ. ਐੱਸ. ਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।