ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਅੱਜ ਦਾ ਦਿਨ ਬੇਹੱਦ ਇਤਿਹਾਸਕ ਹੈ। ਉਹ ਅੱਜ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਅਹੁਦਾ ਸੰਭਾਲਣ ਵਾਲੇ ਪ੍ਰਧਾਨ ਮੰਤਰੀ ਬਣ ਗਏ ਹਨ। ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ 4,398 ਦਿਨਾਂ ਤੱਕ ਲਗਾਤਾਰ ਇਸ ਅਹੁਦੇ 'ਤੇ ਰਹਿਣ ਦੇ ਰਿਕਾਰਡ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਅਹੁਦੇ 'ਤੇ ਰਹਿਣ ਵਾਲੇ PM ਬਣ ਗਏ ਹਨ । ਉਨ੍ਹਾਂ ਨੇ 26 ਮਈ 2014 ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਤੇ ਉਦੋਂ ਤੋਂ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਜਾ ਚੁੱਕੇ ਹਨ।
ਇਸ ਇਤਿਹਾਸਕ ਉਪਲਬਧੀ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼-ਵਿਦੇਸ਼ ਤੋਂ ਵਧਾਈਆਂ ਆ ਰਹੀਆਂ ਹਨ। ਇਸੇ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਵੀ ਐਕਸ 'ਤੇ ਪੋਸਟ ਸਾਂਝੀ ਕਰ ਕੇ PM ਮੋਦੀ ਨੂੰ ਮੁਬਾਰਕਾਂ ਦਿੱਤੀਆਂ ਹਨ। ਆਪਣੀ ਪੋਸਟ 'ਚ ਮੇਲੋਨੀ ਨੇ ਲਿਖਿਆ, ''ਭਾਰਤੀ ਇਤਿਹਾਸ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ 'ਤੇ ਨਰਿੰਦਰ ਮੋਦੀ ਨੂੰ ਵਧਾਈਆਂ।'' ਉਨ੍ਹਾਂ ਅੱਗੇ ਲਿਖਿਆ, ''ਤੁਹਾਡੇ ਨਾਲ ਰੋਮ 'ਚ ਮਿਲ ਕੇ ਕਾਫ਼ੀ ਖੁਸ਼ੀ ਹੋਈ ਸੀ ਤੇ ਇਸ ਦੌਰਾਨ ਹੋਈ ਚਰਚਾ ਸਾਡੇ ਦੋਵਾਂ ਦੇਸ਼ਾਂ ਤੇ ਨਾਗਰਿਕਾਂ ਲਈ ਭਵਿੱਖ 'ਚ ਨਵੇਂ ਮੌਕੇ ਪੈਦਾ ਕਰੇਗੀ।''
ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਤੇ ਮੇਲੋਨੀ ਦੀ ਦੀ ਦੋਸਤੀ ਪੂਰੀ ਦੁਨੀਆ 'ਚ ਮਸ਼ਹੂਰ ਹੈ। ਬੀਤੇ ਦਿਨੀਂ ਇਟਲੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮੇਲੋਨੀ ਨੂੰ ਮੈਲੋਡੀ ਟੌਫ਼ੀਆਂ ਦਾ ਪੈਕੇਟ ਵੀ ਦਿੱਤਾ ਸੀ, ਜੋ ਕਾਫ਼ੀ ਦੇਰ ਤੱਕ ਸੁਰਖ਼ੀਆਂ 'ਚ ਛਾਇਆ ਰਿਹਾ ਸੀ।