ਹਰਿਆਣਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੁਰੂਕਸ਼ੇਤਰ ਦੇ ਲਾਡਵਾ-ਬਾਬੈਨ ਮਾਰਗ 'ਤੇ ਡੀਗ ਚੌਕ ਦੇ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਨੌਜਵਾਨ ਅਮਿਤ ਕੁਮਾਰ (ਵਾਸੀ ਬੀੜ ਕਾਲਵਾ) ਦੀ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ।
ਇਹ ਹਾਦਸਾ 24 ਜੂਨ ਨੂੰ ਵਾਪਰਿਆ ਸੀ, ਜਦੋਂ ਅਮਿਤ ਕੁਮਾਰ ਅਤੇ ਉਸ ਦਾ ਸਾਥੀ ਰਜਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਾਹਬਾਦ ਤੋਂ ਬਾਬੈਨ ਵੱਲ ਜਾ ਰਹੇ ਸਨ। ਇਸ ਦੌਰਾਨ ਡੀਗ ਚੌਕ ਦੇ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਦੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਸੜਕ ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ।
ਇਸੇ ਦੌਰਾਨ ਉੱਥੋਂ ਲੰਘ ਰਹੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੜਕ 'ਤੇ ਜ਼ਖ਼ਮੀ ਪਏ ਨੌਜਵਾਨਾਂ ਨੂੰ ਦੇਖ ਕੇ ਤੁਰੰਤ ਆਪਣਾ ਕਾਫ਼ਲਾ ਰੁਕਵਾਇਆ ਸੀ। ਮੁੱਖ ਮੰਤਰੀ ਖ਼ੁਦ ਗੱਡੀ ਤੋਂ ਉਤਰੇ ਅਤੇ ਆਪਣੇ ਕਾਫ਼ਲੇ ਵਿੱਚ ਸ਼ਾਮਲ ਐਡਵਾਂਸ ਲਾਈਫ਼ ਸਪੋਰਟ ਐਂਬੂਲੈਂਸ ਅਤੇ ਨਿੱਜੀ ਡਾਕਟਰਾਂ ਦੀ ਟੀਮ ਨੂੰ ਤੁਰੰਤ ਜ਼ਖ਼ਮੀਆਂ ਦਾ ਇਲਾਜ ਕਰਨ ਦੇ ਹੁਕਮ ਦਿੱਤੇ।
ਮੁੱਖ ਮੰਤਰੀ ਦੀ ਐਂਬੂਲੈਂਸ ਰਾਹੀਂ ਦੋਵਾਂ ਜ਼ਖ਼ਮੀਆਂ ਨੂੰ ਪਹਿਲਾਂ ਸ਼ਾਹਬਾਦ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਸੀ। ਪਰ ਬਦਕਿਸਮਤੀ ਨਾਲ, ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅਮਿਤ ਜ਼ਖ਼ਮਾਂ ਦੀ ਤਾਬ ਨਾ ਝੱਲ ਸਕਿਆ ਤੇ ਅੱਜ ਦਮ ਤੋੜ ਗਿਆ।
ਮੁੱਖ ਮੰਤਰੀ ਵੱਲੋਂ ਐਨ ਮੌਕੇ 'ਤੇ ਦਿਖਾਈ ਗਈ ਇਸ ਮਨੁੱਖੀ ਸੰਵੇਦਨਸ਼ੀਲਤਾ ਅਤੇ ਮਦਦ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ, ਹਾਲਾਂਕਿ ਹਾਦਸੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੇ ਜਾਣ ਕਾਰਨ ਉਸ ਦੇ ਪਰਿਵਾਰ ਅਤੇ ਇਲਾਕੇ 'ਚ ਸੋਗ ਦੀ ਲਹਿਰ ਹੈ।