ਚੰਡੀਗੜ੍ਹ : ਬੀ. ਐੱਸ. ਐੱਨ. ਐੱਲ. ਦੇ ਬੁਨਿਆਦੀ ਢਾਂਚੇ ਦੀ ਕਥਿਤ ਦੁਰਵਰਤੋਂ ਕਰਕੇ ਸਰਕਾਰੀ ਕੰਪਨੀ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਉਣ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੱਡੀ ਕਾਰਵਾਈ ਕੀਤੀ ਹੈ। ਈ. ਡੀ., ਚੰਡੀਗੜ੍ਹ ਨੇ ਮਨੀ ਲਾਂਡਰਿੰਗ ਜਾਂਚ ਤਹਿਤ ਤਤਕਾਲੀਨ ਐੱਸ. ਐੱਮ. ਐੱਸ. ਸੀ. ਸਵਰਨਜੀਤ ਸਿੰਘ ਸਮੇਤ ਹੋਰਨਾਂ ਨਾਲ ਸਬੰਧਤ 1.50 ਕਰੋੜ ਰੁਪਏ ਦੀ ਕੀਮਤ ਵਾਲੀਆਂ 7 ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ’ਤੇ ਕੁਰਕ ਕੀਤਾ ਹੈ। ਇਨ੍ਹਾਂ ’ਚ ਐੱਸ. ਏ. ਐੱਸ. ਨਗਰ (ਮੋਹਾਲੀ) ਦੀ ਖੇਤੀਬਾੜੀ ਜ਼ਮੀਨ ਅਤੇ ਗੁਜਰਾਤ ਦੇ ਵਡੋਦਰਾ ਦੀਆਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਸ਼ਾਮਲ ਹਨ।
ਈ. ਡੀ. ਦੀ ਜਾਂਚ ਅਨੁਸਾਰ ਸਵਰਨਜੀਤ ਸਿੰਘ ਨੇ ਸੌਰਭ ਤਿਆਗੀ, ਮਾਰਕੋਨੀ ਜੇਮਜ਼ ਮੈਕਵਾਨ ਅਤੇ ਪ੍ਰੀਤੀ ਗੋਹਿਲ ਨਾਲ ਕਥਿਤ ਸਾਜ਼ਿਸ਼ ਰਚ ਕੇ ਬੀ. ਐੱਸ. ਐੱਨ. ਐੱਲ. ਦੇ ਐੱਸ. ਐੱਮ. ਐੱਸ. ਸੀ. ਬੁਨਿਆਦੀ ਢਾਂਚੇ ਤੱਕ ਅਣਅਧਿਕਾਰਤ ਪਹੁੰਚ ਮੁਹੱਈਆ ਕਰਵਾਈ। ਇਸ ਰਾਹੀਂ ਲਾਜ਼ਮੀ ਡੀ. ਐੱਲ. ਟੀ./ਟੈਂਪਲੇਟ ਪਲੇਟਫਾਰਮ ਅਤੇ ਨਿਰਧਾਰਤ ਬਿਲਿੰਗ ਪ੍ਰਣਾਲੀ ਨੂੰ ਕਥਿਤ ਤੌਰ ’ਤੇ ਦਰਕਿਨਾਰ ਕਰਕੇ ਬਲਕ ਐੱਸ. ਐੱਮ. ਐੱਸ. ਟ੍ਰੈਫਿਕ ਰੂਟ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਦੀ ਏ. ਸੀ. ਬੀ, ਚੰਡੀਗੜ੍ਹ ਵੱਲੋਂ ਸਵਰਨਜੀਤ ਸਿੰਘ, ਮੈਸਰਜ਼ ਡੋਰਸਟੈਪਸ ਸਾਲਿਊਸ਼ਨਜ਼ ਅਤੇ ਹੋਰਨਾਂ ਖ਼ਿਲਾਫ਼ ਦਰਜ ਐੱਫ਼. ਆਈ. ਆਰ. ਦੇ ਆਧਾਰ ’ਤੇ ਈ. ਡੀ. ਨੇ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ 27 ਮਾਰਚ 2025 ਨੂੰ ਵੀ ਈ. ਡੀ. ਵੱਲੋਂ 80 ਲੱਖ ਰੁਪਏ ਦੀ ਜਾਇਦਾਦ ਅਸਥਾਈ ਤੌਰ ’ਤੇ ਕੁਰਕ ਕੀਤੀ ਜਾ ਚੁੱਕੀ ਹੈ।
63.37 ਕਰੋੜ ਸੁਨੇਹਿਆਂ ਨੇ ਖੋਲ੍ਹੀ ਗੜਬੜ ਦੀ ਪੋਲ
ਈ. ਡੀ. ਮੁਤਾਬਕ ਕਰੀਬ 63.37 ਕਰੋੜ ਬਲਕ ਪੁਸ਼ ਐੱਸ. ਐੱਮ. ਐੱਸ. ਸੁਨੇਹੇ ਗੈਰ-ਕਾਨੂੰਨੀ ਢੰਗ ਨਾਲ ਭੇਜੇ ਗਏ। ਇਸ ਕਾਰਨ ਬੀ. ਐੱਸ. ਐੱਨ. ਐੱਲ. ਨੂੰ ਲਗਭਗ 5.42 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ, ਜਿਸ ’ਚ ਕਰੀਬ 4.05 ਕਰੋੜ ਰੁਪਏ ਇੰਟਰਕਨੈਕਸ਼ਨ ਉਪਭੋਗਤਾ ਫ਼ੀਸ ਦੇ ਸ਼ਾਮਲ ਸਨ। ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਮੈਸਰਜ਼ ਸਮਾਰਟ ਟੈਕਨਾਲੋਜੀ/ਮੈਸਰਜ਼ ਡੋਰਸਟੈਪਸ ਸਾਲਿਊਸ਼ਨਜ਼ ਅਤੇ ਉਨ੍ਹਾਂ ਦੇ ਭਾਈਵਾਲਾਂ ਨੇ ਬਾਜ਼ਾਰ ਦਰਾਂ ਨਾਲੋਂ ਘੱਟ ਦਰਾਂ ’ਤੇ ਕਥਿਤ ਅਣਅਧਿਕਾਰਤ ਬਲਕ ਐੱਸ. ਐੱਮ. ਐੱਸ. ਸੇਵਾਵਾਂ ਦਾ ਲਾਭ ਲੈ ਕੇ ਵਿੱਤੀ ਫਾਇਦਾ ਹਾਸਲ ਕੀਤਾ।