ਕਾਠਮੰਡੂ : ਨੇਪਾਲ ਦੇ ਪੱਛਮੀ ਗੋਰਖਾ ਜ਼ਿਲ੍ਹੇ ਵਿੱਚ ਬੁੱਢੀ ਗੰਡਕੀ ਨਦੀ ਵਿੱਚ ਭਿਆਨਕ ਹੜ੍ਹ ਆਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹੜ੍ਹ ਕਾਰਨ ਦਰਜਨਾਂ ਘਰ ਅਤੇ ਹੋਰ ਬੁਨਿਆਦੀ ਢਾਂਚਾ ਰੁੜ੍ਹ ਗਏ ਹਨ।। ਗੋਰਖਾ ਦੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਧਰਮੇਂਦਰ ਕੁਮਾਰ ਮਿਸ਼ਰਾ ਅਨੁਸਾਰ ਚੀਨ ਦੀ ਸਰਹੱਦ ਨਾਲ ਲੱਗਦੀ ਚੁਮਨੁਬਰੀ ਦਿਹਾਤੀ ਨਗਰਪਾਲਿਕਾ ਵਿੱਚ ਨਦੀ ਕੰਢੇ ਵਸੇ ਕਈ ਘਰ ਪ੍ਰਭਾਵਿਤ ਹੋਏ ਹਨ, ਪਰ ਐਤਵਾਰ ਸਵੇਰ ਤੱਕ ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਮਿਲੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 26 ਅਗਸਤ ਨੂੰ ਭੋਟੇ ਕੋਸ਼ੀ ਅਤੇ ਤ੍ਰਿਸ਼ੂਲੀ ਨਦੀਆਂ ਵਿੱਚ ਆਏ ਤਬਾਹਕੁਨ ਹੜ੍ਹਾਂ ਦੀ ਯਾਦ ਤਾਜ਼ਾ ਕਰਾਉਂਦੀ ਹੈ।
ਮੁੱਖ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਚੁਮਨੁਬਰੀ ਦੇ ਜਗਤ ਅਤੇ ਸੱਲੇਰੀ ਪਿੰਡਾਂ ਵਿੱਚ ਕਈ ਘਰ ਅਤੇ 341-ਮੈਗਾਵਾਟ ਬੂੜੀ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦਾ ਕੈਂਪ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਏ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਹੜ੍ਹ ਦੇ ਤੇਜ਼ ਵਹਾਅ ਨੇ ਘਰਾਂ, ਝੂਲਾ ਪੁਲਾਂ , ਇੱਕ ਸਟੀਲ ਦੇ ਪੁਲ ਅਤੇ ਹਾਈਡ੍ਰੋਪ੍ਰੋਜੈਕਟ ਦੇ ਨਿਰਮਾਣ ਸਥਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਸ਼ੁਰੂਆਤੀ ਅੰਦਾਜ਼ਿਆਂ ਅਨੁਸਾਰ ਚੁਮਨੁਬਰੀ ਦੇ ਵਾਰਡ ਨੰਬਰ 6 ਵਿੱਚ ਲੋਕਪਾ ਅਤੇ ਚੁਮਲਿੰਗ ਵਿਚਕਾਰ ਪਹਾੜ ਖਿਸਕਣ ਕਾਰਨ ਬੁੱਢੀ ਗੰਡਕੀ ਦੀ ਸਹਾਇਕ ਨਦੀ 'ਸਯਾਰ ਖੋਲਾ' ਦਾ ਰਾਹ ਰੁਕ ਗਿਆ ਸੀ, ਜਿਸ ਨਾਲ ਇਹ ਹੜ੍ਹ ਆਇਆ ਹੋ ਸਕਦਾ ਹੈ, ਹਾਲਾਂਕਿ ਇਸ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਚੁਮਨੁਬਰੀ ਦੀ ਵਾਈਸ-ਚੇਅਰਪਰਸਨ ਲਕਸ਼ਮੀ ਗੁਰੁੰਗ ਨੇ ਦੱਸਿਆ ਕਿ ਇਹ ਹੜ੍ਹ 26 ਅਗਸਤ ਨੂੰ ਭੋਟੇ ਕੋਸ਼ੀ ਨਦੀ ਵਿੱਚ ਆਏ ਭਿਆਨਕ ਹੜ੍ਹ ਵਰਗਾ ਹੀ ਮਹਿਸੂਸ ਹੁੰਦਾ ਹੈ। ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ (NDRRMA) ਨੇ ਨਦੀ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਜਾਣ 'ਤੇ ਤੱਟਵਰਤੀ ਇਲਾਕਿਆਂ ਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਚੇਤਾਵਨੀ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਇੱਕ ਮਹੀਨਾ ਪਹਿਲਾਂ ਰਸੂਵਾ ਅਤੇ ਤ੍ਰਿਸ਼ੂਲੀ ਨਦੀ ਖੇਤਰਾਂ ਵਿੱਚ ਆਏ ਭਿਆਨਕ ਹੜ੍ਹਾਂ ਵਿੱਚ 1,455 ਲੋਕਾਂ ਦੀ ਮੌਤ ਹੋ ਗਈ ਸੀ ਅਤੇ 5,285 ਲੋਕ ਲਾਪਤਾ ਹੋ ਗਏ ਸਨ।