ਆਸਟ੍ਰੇਲੀਆ ਤੋਂ ਬਾਅਦ ਮਲੇਸ਼ੀਆ, ਇੰਗਲੈਂਡ ਸਣੇ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਬੱਚਿਆਂ ਦੇ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਈ ਹੋਈ ਹੈ। ਸਰਕਾਰ ਨੇ ਇਹ ਫ਼ੈਸਲਾ ਬੱਚਿਆਂ ਦਾ ਪੜ੍ਹਾਈ ਵੱਲ ਧਿਆਨ ਮੋੜਨ ਅਤੇ ਉਨ੍ਹਾਂ ਦੇ ਸਰੀਰਕ ਵਿਕਾਸ ਨੂੰ ਹੁਲਾਰਾ ਦੇਣ ਲਈ ਚੁੱਕਿਆ ਹੈ, ਕਿਉਂਕਿ ਸੋਸ਼ਲ ਮੀਡੀਆ 'ਤੇ ਐਕਟਿਵ ਬੱਚੇ ਅਸਲ ਦੁਨੀਆ ਨਾਲੋਂ ਟੁੱਟ ਜਾਂਦੇ ਹਨ ਤੇ ਉਨ੍ਹਾਂ ਦਾ ਸਰੀਰਕ ਵਿਕਾਸ ਵੀ ਹੌਲੀ ਹੋ ਜਾਂਦਾ ਹੈ। ਬੱਚਿਆਂ ਦੀ ਇਸ ਆਦਤ ਨੂੰ ਬਦਲਣ ਲਈ ਕਈ ਦੇਸ਼ਾਂ ਦੀ ਸਰਕਾਰ ਨੇ 16 ਸਾਲ ਤੱਕ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਵਰਤਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਇਸੇ ਦੌਰਾਨ ਆਸਟ੍ਰੇਲੀਆ ’ਚ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਮਿਲੀ ਹੈ, ਜਿੱਥੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਾਗੂ ਹੋਣ ਦੇ 6 ਮਹੀਨਿਆਂ ਬਾਅਦ ਵੀ 85 ਫੀਸਦੀ ਤੋਂ ਵੱਧ ਬੱਚੇ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੀ ਸਫ਼ਲਤਾ ਨੂੰ ਸਿਰਫ਼ ਇਸ ਆਧਾਰ ’ਤੇ ਨਹੀਂ ਪਰਖਿਆ ਜਾ ਸਕਦਾ ਕਿ ਬੱਚੇ ਹੁਣ ਵੀ ਸੋਸ਼ਲ ਮੀਡੀਆ ਤੱਕ ਪਹੁੰਚ ਬਣਾ ਰਹੇ ਹਨ।
ਨਿਊਕੈਸਲ ਯੂਨੀਵਰਸਿਟੀ ਦੀ ਜਨਤਕ ਸਿਹਤ ਵਿਗਿਆਨੀ ਕੋਰਟਨੀ ਬਾਰਨੇਸ ਦੀ ਅਗਵਾਈ ’ਚ ਕੀਤੇ ਗਏ ਅਤੇ ਬ੍ਰਿਟਿਸ਼ ਮੈਡੀਕਲ ਜਰਨਲ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਪਾਇਆ ਗਿਆ ਕਿ ਟਿਕਟਾਕ, ਐਕਸ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਪਾਬੰਦੀਸ਼ੁਦਾ ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਵਿਚ ਕੋਈ ਵੱਡੀ ਕਮੀ ਨਹੀਂ ਆਈ ਹੈ।
ਵਿਗਿਆਨੀਆਂ ਨੇ 12 ਤੋਂ 16 ਸਾਲ ਦੀ ਉਮਰ ਵਰਗ ਦੇ 408 ਨਾਬਾਲਗਾਂ ’ਤੇ ਸਰਵੇਖਣ ਕੀਤਾ। ਅਧਿਐਨ ਅਨੁਸਾਰ ਕਾਨੂੰਨ ਲਾਗੂ ਹੋਣ ਦੇ 3 ਮਹੀਨਿਆਂ ਬਾਅਦ ਵੀ 16 ਸਾਲ ਤੋਂ ਘੱਟ ਉਮਰ ਦੇ 85 ਫੀਸਦੀ ਤੋਂ ਵੱਧ ਬੱਚੇ ਪਾਬੰਦੀਸ਼ੁਦਾ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਆਪਣੇ ਖੁਦ ਦੇ ਅਕਾਊਂਟਸ ਰਾਹੀਂ ਇਨ੍ਹਾਂ ਪਲੇਟਫਾਰਮਜ਼ ਤੱਕ ਪਹੁੰਚ ਰਹੇ ਸਨ, ਜੋ ਕਿ ਸਰਕਾਰ ਦੀ ਯੋਜਨਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।