ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਏ. ਆਈ. ਦੀ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਨੇ ਟੈਕਨਾਲੋਜੀ ਦੀ ਦੁਨੀਆ ’ਚ ਨਵੀਂ ਜੰਗ ਛੇੜ ਦਿੱਤੀ ਹੈ। ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣਨ ਦੀ ਦੌੜ ’ਚ ਐਪਲ ਅਤੇ ਐਨਵੀਡੀਆ ਇਕ-ਦੂਜੇ ਦੇ ਸਾਹਮਣੇ ਖੜ੍ਹੀਆਂ ਹਨ। ਦੋਵਾਂ ਕੰਪਨੀਆਂ ਦੀ ਤਾਕਤ ਅਤੇ ਏ. ਆਈ. ਤੋਂ ਕਮਾਈ ਦਾ ਤਰੀਕਾ ਵੱਖਰਾ ਹੈ। ਐਨਵੀਡੀਆ ਏ. ਆਈ. ਡਾਟਾ ਸੈਂਟਰਾਂ ਲਈ ਜ਼ਰੂਰੀ ਚਿੱਪ ਅਤੇ ਸਾਫਟਵੇਅਰ ਉਪਲੱਬਧ ਕਰਵਾ ਰਹੀ ਹੈ, ਜਦੋਂਕਿ ਐਪਲ ਆਪਣੇ ਵਿਸ਼ਾਲ ਆਈਫੋਨ ਅਤੇ ਹੋਰ ਉਪਕਰਣਾਂ ਦੇ ਨੈੱਟਵਰਕ ਜ਼ਰੀਏ ਏ. ਆਈ. ਨੂੰ ਕਰੋੜਾਂ ਖਪਤਕਾਰਾਂ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦੀ ਹੈ।
ਏ. ਆਈ. ਡਾਟਾ ਸੈਂਟਰਾਂ ਦੀ ਰੀੜ੍ਹ ਬਣੀ ਐਨਵੀਡੀਆ
ਐਨਵੀਡੀਆ ਏ. ਆਈ. ਡਾਟਾ ਸੈਂਟਰਾਂ ’ਚ ਵਰਤੋਂ ਹੋਣ ਵਾਲੇ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ਭਾਵ ਜੀ. ਪੀ. ਯੂ. ਦੀ ਸਭ ਤੋਂ ਵੱਡੀ ਸਪਲਾਇਰ ਹੈ। ਮਾਈਕ੍ਰੋਸਾਫਟ, ਮੇਟਾ, ਅਲਫਾਬੈੱਟ ਅਤੇ ਅੈਮਾਜ਼ੋਨ ਵਰਗੀਆਂ ਮਹਾਰਥੀ ਕੰਪਨੀਆਂ ਏ. ਆਈ. ਬੁਨਿਆਦੀ ਢਾਂਚੇ ’ਤੇ ਭਾਰੀ ਨਿਵੇਸ਼ ਕਰ ਰਹੀਆਂ ਹਨ, ਜਿਸ ਦਾ ਸਿੱਧਾ ਫਾਇਦਾ ਐਨਵੀਡੀਆ ਨੂੰ ਮਿਲ ਰਿਹਾ ਹੈ। ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ ਅਨੁਸਾਰ ਏ. ਆਈ. ਡਾਟਾ ਸੈਂਟਰ ਜੀ. ਪੀ. ਯੂ. ਬਾਜ਼ਾਰ ’ਚ ਐਨਵੀਡੀਆ ਦੀ ਹਿੱਸੇਦਾਰੀ ਕਰੀਬ 80 ਤੋਂ 90 ਫੀਸਦੀ ਤੱਕ ਦੱਸੀ ਜਾਂਦੀ ਹੈ। ਏ. ਆਈ. ਦੀ ਵਧਦੀ ਮੰਗ ਦੌਰਾਨ ਕੰਪਨੀ ਦਾ ਸਾਲਾਨਾ ਮਾਲੀਆ ਕਰੀਬ 180 ਤੋਂ 200 ਅਰਬ ਡਾਲਰ ਭਾਵ ਲੱਗਭਗ 17.17 ਲੱਖ ਕਰੋੜ ਰੁਪਏ ਤੋਂ 19.08 ਲੱਖ ਕਰੋੜ ਰੁਪਏ ਦੇ ਪੱਧਰ ’ਤੇ ਪਹੁੰਚ ਗਿਆ ਹੈ ਅਤੇ ਹਾਲ ਦੀਆਂ ਤਿਮਾਹੀਆਂ ’ਚ ਇਸ ਦੀ ਵਾਧਾ ਦਰ 50 ਫੀਸਦੀ ਤੋਂ ਵੱਧ ਰਹੀ ਹੈ।
ਐਪਲ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਵਿਸ਼ਾਲ ਖਪਤਕਾਰ ਨੈੱਟਵਰਕ
ਐਪਲ ਦਾ ਕਾਰੋਬਾਰ ਐਨਵੀਡੀਆ ਦੇ ਮੁਕਾਬਲੇ ਵੱਧ ਪਰਪੱਕ ਹੈ ਪਰ ਇਸ ਦਾ ਖਪਤਕਾਰ ਆਧਾਰ ਬੇਹੱਦ ਵੱਡਾ ਹੈ। ਕੰਪਨੀ ਦਾ ਸਾਲਾਨਾ ਮਾਲੀਆ ਕਰੀਬ 400 ਅਰਬ ਡਾਲਰ ਭਾਵ ਲੱਗਭਗ 38.15 ਲੱਖ ਕਰੋੜ ਰੁਪਏ ਹੈ ਅਤੇ ਦੁਨੀਆ ਭਰ ’ਚ ਉਸ ਦੇ 200 ਕਰੋੜ ਤੋਂ ਵੱਧ ਸਰਗਰਮ ਉਪਕਰਣ ਵਰਤੋਂ ਕੀਤੇ ਜਾ ਰਹੇ ਹਨ। ਆਈਫੋਨ ਕੰਪਨੀ ਦੀ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਹੈ। ਇਸ ਤੋਂ ਇਲਾਵਾ ਐਪ ਸਟੋਰ, ਆਈਕਲਾਊਡ, ਮਿਊਜ਼ਿਕ ਅਤੇ ਹੋਰ ਸੇਵਾਵਾਂ ਦਾ ਕਾਰੋਬਾਰ ਵੀ ਲਗਾਤਾਰ ਮਜ਼ਬੂਤ ਬਣਿਆ ਹੋਇਆ ਹੈ। ਹਾਲੀਆ ਤਿਮਾਹੀ ’ਚ ਆਈਫੋਨ ਦੀ ਵਿਕਰੀ ਅਤੇ ਕੰਪਨੀ ਦਾ ਕੁੱਲ ਮਾਲੀਆ ਬਾਜ਼ਾਰ ਦੀਆਂ ਉਮੀਦਾਂ ਤੋਂ ਬਿਹਤਰ ਰਿਹਾ। ਏ. ਆਈ. ਦੇ ਖੇਤਰ ’ਚ ਮੁਕਾਬਲਤਨ ਹੌਲੀ ਪ੍ਰਗਤੀ ਦੇ ਬਾਵਜੂਦ ਇਸ ਨਾਲ ਨਿਵੇਸ਼ਕਾਂ ਦਾ ਭਰੋਸਾ ਕਾਇਮ ਹੈ।
ਐਪਲ ਲਈ ਏ. ਆਈ. ’ਚ ਦੇਰੀ ਬਣੀ ਚੁਣੌਤੀ
ਐਪਲ ਹੁਣ ਆਪਣੇ ਉਪਕਰਣਾਂ ’ਚ ਏ. ਆਈ. ਨੂੰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਸ਼ਾਮਲ ਕਰਨ ’ਤੇ ਜ਼ੋਰ ਦੇ ਰਹੀ ਹੈ। ਕੰਪਨੀ ਦੇ ਸਾਹਮਣੇ ਚੁਣੌਤੀ ਇਹ ਹੈ ਕਿ ਏ. ਆਈ. ਦੀ ਦੌੜ ’ਚ ਐਨਵੀਡੀਆ ਵਰਗੀਆਂ ਕੰਪਨੀਆਂ ਜਿੱਥੇ ਬੁਨਿਆਦੀ ਤਕਨੀਕ ’ਤੇ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ, ਉੱਥੇ ਹੀ ਐਪਲ ਨੂੰ ਆਪਣੇ ਵਿਸ਼ਾਲ ਖਪਤਕਾਰ ਨੈੱਟਵਰਕ ’ਚ ਏ. ਆਈ. ਦੀ ਉਪਯੋਗਤਾ ਸਾਬਤ ਕਰਨੀ ਹੋਵੇਗੀ। ਜੇਕਰ ਐਪਲ ਆਪਣੇ ਅਰਬਾਂ ਉਪਕਰਣਾਂ ’ਚ ਏ. ਆਈ. ਸਹੂਲਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ’ਚ ਸਫਲ ਰਹਿੰਦੀ ਹੈ ਤਾਂ ਉਸ ਦੇ ਵਿਸ਼ਾਲ ਖਪਤਕਾਰ ਨੈੱਟਵਰਕ ਤੋਂ ਨਵੀਂ ਕਮਾਈ ਦੇ ਰਸਤੇ ਖੁੱਲ੍ਹ ਸਕਦੇ ਹਨ।
ਐਨਵੀਡੀਆ ਦੀ ਤਾਕਤ ’ਚ ਛੁਪਿਆ ਸਭ ਤੋਂ ਵੱਡਾ ਜੋਖਮ
ਐਨਵੀਡੀਆ ਲਈ ਏ. ਆਈ. ਦੀ ਵਧਦੀ ਮੰਗ ਫਿਲਹਾਲ ਸਭ ਤੋਂ ਵੱਡੀ ਤਾਕਤ ਹੈ ਪਰ ਇਹੀ ਉਸ ਲਈ ਜੋਖਮ ਵੀ ਬਣ ਸਕਦੀ ਹੈ। ਦੁਨੀਆ ਦੀਆਂ ਵੱਡੀਆਂ ਟੈੱਕ ਕੰਪਨੀਆਂ ਡਾਟਾ ਸੈਂਟਰਾਂ ਅਤੇ ਏ. ਆਈ. ਬੁਨਿਆਦੀ ਢਾਂਚੇ ’ਤੇ ਸੈਂਕੜੇ ਅਰਬ ਡਾਲਰ ਭਾਵ ਲੱਖਾਂ ਕਰੋੜ ਰੁਪਏ ਖਰਚ ਕਰ ਰਹੀਆਂ ਹਨ। ਜੇਕਰ ਭਵਿੱਖ ’ਚ ਇਸ ਨਿਵੇਸ਼ ਦੀ ਰਫਤਾਰ ਘੱਟ ਹੋਈ ਤਾਂ ਐਨਵੀਡੀਆ ਦੀ ਚਿੱਪ ਮੰਗ ਅਤੇ ਆਮਦਨ ਵਾਧੇ ’ਤੇ ਅਸਰ ਪੈ ਸਕਦਾ ਹੈ। ਏ. ਆਈ. ਕੰਪਨੀਆਂ ਵਿਚਾਲੇ ਵਧਦੇ ਨਿਵੇਸ਼ ਅਤੇ ਚਿੱਪ ਖਰੀਦ ਦੇ ਚੱਕਰ ਨੇ ਬਾਜ਼ਾਰ ’ਚ ਕੰਪਨੀਆਂ ਦੇ ਉੱਚੇ ਮੁੱਲਾਂਕਣ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ।
381 ਲੱਖ ਕਰੋੜ ਰੁਪਏ ਤੋਂ 429 ਲੱਖ ਕਰੋੜ ਰੁਪਏ ਦੀ ਦੌੜ
ਦੋਵਾਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਕਰੀਬ 4 ਤੋਂ 4.5 ਟ੍ਰਿਲੀਅਨ ਡਾਲਰ ਭਾਵ ਲੱਗਭਗ 381.52 ਲੱਖ ਕਰੋੜ ਰੁਪਏ ਤੋਂ 429.21 ਲੱਖ ਕਰੋੜ ਰੁਪਏ ਦੇ ਘੇਰੇ ’ਚ ਪਹੁੰਚ ਚੁੱਕਾ ਹੈ। ਇਹੀ ਵਜ੍ਹਾ ਹੈ ਕਿ ਬਾਜ਼ਾਰ ’ਚ ਦੋਵਾਂ ਵਿਚਾਲੇ ਲਗਾਤਾਰ ਬਦਲਦੀ ਸਥਿਤੀ ’ਤੇ ਨਿਵੇਸ਼ਕਾਂ ਦੀ ਨਜ਼ਰ ਬਣੀ ਹੋਈ ਹੈ। ਐਨਵੀਡੀਆ ਏ. ਆਈ. ਦੀ ਬੁਨਿਆਦੀ ਤਕਨੀਕ ਵੇਚ ਕੇ ਕਮਾਈ ਕਰ ਰਹੀ ਹੈ, ਜਦੋਂਕਿ ਐਪਲ ਕੋਲ ਏ. ਆਈ. ਨੂੰ ਅਰਬਾਂ ਖਪਤਕਾਰਾਂ ਤੱਕ ਪਹੁੰਚਾਉਣ ਦਾ ਵਿਸ਼ਾਲ ਮੰਚ ਮੌਜੂਦ ਹੈ। ਅਜਿਹੇ ’ਚ ਆਉਣ ਵਾਲੇ ਸਾਲਾਂ ’ਚ ਅਸਲੀ ਮੁਕਾਬਲਾ ਸਿਰਫ ਇਸ ਗੱਲ ਦਾ ਨਹੀਂ ਹੋਵੇਗਾ ਕਿ ਕਿਸ ਕੰਪਨੀ ਦਾ ਬਾਜ਼ਾਰ ਮੁੱਲ ਵੱਧ ਹੈ, ਸਗੋਂ ਇਹ ਤੈਅ ਕਰੇਗਾ ਕਿ ਏ. ਆਈ. ਤੋਂ ਪੈਦਾ ਹੋਣ ਵਾਲਾ ਸਭ ਤੋਂ ਵੱਡਾ ਆਰਥਿਕ ਲਾਭ ਤਕਨੀਕ ਬਣਾਉਣ ਵਾਲੀ ਕੰਪਨੀ ਨੂੰ ਮਿਲਦਾ ਹੈ ਜਾਂ ਉਸ ਨੂੰ ਦੁਨੀਆ ਦੇ ਕਰੋੜਾਂ ਖਪਤਕਾਰਾਂ ਤੱਕ ਪਹੁੰਚਾਉਣ ਵਾਲੀ ਕੰਪਨੀ ਨੂੰ।