83 ਸਾਲ ਦੀ ਉਮਰ ’ਚ ਵੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣੀ ਊਰਜਾ ਅਤੇ ਸਰਗਰਮੀ ਨਾਲ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰ ਰਹੇ ਹਨ। ਸੋਸ਼ਲ ਮੀਡੀਆ ਅਤੇ ਆਪਣੇ ਬਲਾਗ ’ਤੇ ਸਾਂਝੇ ਕੀਤੇ ਗਏ ਵਿਚਾਰਾਂ ਵਿਚ ਉਨ੍ਹਾਂ ਸਾਫ਼ ਕਿਹਾ ਕਿ ਸਾਰਾ ਦਿਨ ਵਿਹਲੇ ਬੈਠ ਕੇ ਸਮਾਂ ਬਿਤਾਉਣ ਨਾਲੋਂ ਬਿਹਤਰ ਹੈ ਕਿ ਕਿਸੇ ਨਾ ਕਿਸੇ ਕੰਮ ਵਿਚ ਲੱਗੇ ਰਹਿਣਾ। ਉਨ੍ਹਾਂ ਦਾ ਇਹ ਸੁਨੇਹਾ ਕੇਵਲ ਮਨੋਰੰਜਨ ਜਗਤ ਤੱਕ ਸੀਮਤ ਨਹੀਂ ਰਿਹਾ ਸਗੋਂ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ‘ਕੰਮ ਬਨਾਮ ਆਰਾਮ’ ’ਤੇ ਨਵੀਂ ਬਹਿਸ ਛੇੜ ਗਿਆ ਹੈ।
‘ਆਰਾਮ’ ਨੂੰ ਦੱਸਿਆ ਵਕਤ ਦੀ ਬਰਬਾਦੀ
ਅਮਿਤਾਭ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਲੋੜ ਤੋਂ ਵੱਧ ਆਰਾਮ ਇਨਸਾਨ ਨੂੰ ਗੈਰ-ਸਰਗਰਮ ਬਣਾ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿੰਦਗੀ ਵਿਚ ਸਰਗਰਮ ਬਣੇ ਰਹਿਣਾ ਹੀ ਊਰਜਾ ਅਤੇ ਉਤਸ਼ਾਹ ਨੂੰ ਬਣਾਈ ਰੱਖਣ ਦਾ ਸਭ ਤੋਂ ਵੱਡਾ ਮੰਤਰ ਹੈ। ਉਨ੍ਹਾਂ ਲਿਖਿਆ ਕਿ ਮੱਖੀਆਂ ਮਾਰਨ ਨਾਲੋਂ ਬਿਹਤਰ ਹੈ ਕਿ ਕਰਮ ਦੇ ਰਾਹ ’ਤੇ ਅੱਗੇ ਵਧਦੇ ਰਹਿਣਾ।
ਮਾਹਰ ਬੋਲੇ, ਸਰਗਰਮ ਰਹਿਣਾ ਮਾਨਸਿਕ ਸਿਹਤ ਲਈ ਜ਼ਰੂਰੀ
ਲਾਈਫ ਸਟਾਈਲ ਅਤੇ ਮਾਨਸਿਕ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਆਰਾਮ ਗਲਤ ਨਹੀਂ ਹੈ ਪਰ ਉਸ ਦਾ ਉਦੇਸ਼ ਸਰੀਰ ਅਤੇ ਦਿਮਾਗ ਨੂੰ ਨਵੀਂ ਊਰਜਾ ਦੇਣਾ ਹੋਣਾ ਚਾਹੀਦਾ ਹੈ। ਲਗਾਤਾਰ ਗੈਰ-ਸਰਗਰਮ ਰਹਿਣ ਨਾਲ ਮਾਨਸਿਕ ਅਤੇ ਸਰੀਰਕ ਸਮਰੱਥਾ ਦੋਵੇਂ ਪ੍ਰਭਾਵਿਤ ਹੁੰਦੀਆਂ ਹਨ, ਜਦਕਿ ਨਿਯਮਿਤ ਰੂਪ ਵਿਚ ਸਰਗਰਮ ਰਹਿਣ ਵਾਲੇ ਲੋਕਾਂ ਵਿਚ ਯਾਦਦਾਸ਼ਤ ਕਮਜ਼ੋਰ ਹੋਣ ਅਤੇ ਡਿਮੈਂਸ਼ੀਆ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਘੱਟ ਦੇਖਿਆ ਜਾਂਦਾ ਹੈ।
ਉਮਰ ਨਹੀਂ, ਸੋਚ ਤੈਅ ਕਰਦੀ ਹੈ ਸਰਗਰਮੀ
83 ਸਾਲ ਦੀ ਉਮਰ ਵਿਚ ਵੀ ਅਮਿਤਾਭ ਬੱਚਨ ਫ਼ਿਲਮਾਂ, ਟੀ.ਵੀ. ਅਤੇ ਡਿਜੀਟਲ ਮਾਧਿਅਮਾਂ ’ਤੇ ਲਗਾਤਾਰ ਸਰਗਰਮ ਹਨ। ਉਨ੍ਹਾਂ ਦੇ ਬਲਾਗ, ਸੋਸ਼ਲ ਮੀਡੀਆ ਪੋਸਟਾਂ ਅਤੇ ਨਿਯਮਿਤ ਕਾਰਜਸ਼ੈਲੀ ਇਸ ਗੱਲ ਦੀ ਮਿਸਾਲ ਹਨ ਕਿ ਵਧਦੀ ਉਮਰ ਦੇ ਬਾਵਜੂਦ ਹਾਂ-ਪੱਖੀ ਸੋਚ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਇਨਸਾਨ ਨੂੰ ਲੰਬੇ ਸਮੇਂ ਤੱਕ ਊਰਜਾਵਾਨ ਬਣਾਈ ਰੱਖ ਸਕਦੀ ਹੈ।
ਨੌਜਵਾਨਾਂ ਲਈ ਵੀ ਛਿਪਿਆ ਹੈ ਵੱਡਾ ਸੁਨੇਹਾ
ਮਹਾਨਾਇਕ ਦਾ ਇਹ ਸੁਨੇਹਾ ਕੇਵਲ ਸੀਨੀਅਰ ਨਾਗਰਿਕਾਂ ਲਈ ਨਹੀਂ, ਬਲਕਿ ਨੌਜਵਾਨਾਂ ਲਈ ਵੀ ਪ੍ਰੇਰਨਾ ਹੈ। ਤੇਜ਼ੀ ਨਾਲ ਬਦਲਦੀ ਜੀਵਨ ਸ਼ੈਲੀ ਦੇ ਵਿਚਕਾਰ ਕੰਮ ਅਤੇ ਆਰਾਮ ਦੇ ਸੰਤੁਲਨ ਦੇ ਨਾਲ-ਨਾਲ ਨਿਰੰਤਰ ਸਰਗਰਮ ਬਣੇ ਰਹਿਣਾ ਹੀ ਬਿਹਤਰ ਸਿਹਤ ਅਤੇ ਸਫ਼ਲਤਾ ਦੀ ਕੁੰਜੀ ਮੰਨਿਆ ਜਾ ਰਿਹਾ ਹੈ।