ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਕਾਰਨ ਅਦਾਕਾਰ ਇਮਰਾਨ ਖਾਨ ਨੂੰ ਭਾਰਤ ਛੱਡਣ ਦਾ ਹੁਕਮ ਦਿੱਤੇ ਜਾਣ ਦੇ ਬਾਅਦ ਫਿਲਮ ਨਿਰਮਾਤਾ ਕਿਰਨ ਰਾਓ ਨੇ ਸ਼ੁੱਕਰਵਾਰ ਨੂੰ ਅਦਾਕਾਰ ਦਾ ਸਮਰਥਨ ਕੀਤਾ। "ਆਈ ਹੇਟ ਲਵ ਸਟੋਰੀਜ਼" (2010) ਅਤੇ "ਮੇਰੇ ਬ੍ਰਦਰ ਕੀ ਦੁਲਹਨ" (2011) ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਇਮਰਾਨ ਖਾਨ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ (OCI ਕਾਰਡਧਾਰਕ) ਹਨ। ਮੁੰਬਈ ਵਿੱਚ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ (FRRO) ਨੇ ਉਨ੍ਹਾਂ ਨੂੰ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਕਾਨੂੰਨ ਦੇ ਪ੍ਰਬੰਧਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਇੱਕ ਨੋਟਿਸ ਜਾਰੀ ਕੀਤਾ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਕਿਰੀਟ ਸੋਮਈਆ ਦੀ ਸ਼ਿਕਾਇਤ ਤੋਂ ਬਾਅਦ FRRO ਨੇ ਅਦਾਕਾਰ ਵਿਰੁੱਧ ਇਹ ਕਾਰਵਾਈ ਕੀਤੀ।
ਭਾਜਪਾ ਨੇਤਾ ਨੇ ਦੋਸ਼ ਲਗਾਇਆ ਸੀ ਕਿ ਇਮਰਾਨ ਦਾ ਜਨਮ ਅਤੇ ਪੜ੍ਹਾਈ ਅਮਰੀਕਾ ਵਿੱਚ ਹੋਈ ਪਰ ਉਨ੍ਹਾਂ ਭਾਰਤ ਵਿੱਚ ਰਹਿ ਕੇ ਰੋਜ਼ੀ-ਰੋਟੀ ਕਮਾਈ ਅਤੇ ਫਿਰ "ਸਰਕਾਰ ਦਾ ਵਿਰੋਧ ਕਰਨ ਵਾਲੀਆਂ ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲਿਆ।" ਇਮਰਾਨ ਦੇ ਮਾਮਾ ਆਮਿਰ ਖਾਨ ਦੀ ਸਾਬਕਾ ਪਤਨੀ ਕਿਰਨ ਰਾਓ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, "43 ਸਾਲ ਦੀ ਉਮਰ ਵਿੱਚੋਂ 40 ਸਾਲ ਭਾਰਤ ਵਿੱਚ ਬਿਤਾਏ। ਇੱਥੇ ਪੜ੍ਹਾਈ ਕੀਤੀ, ਇੱਥੇ ਕੰਮ ਕੀਤਾ, ਇੱਥੇ ਸਫਲਤਾ ਅਤੇ ਅਸਫਲਤਾ ਦੇਖੀ, ਇੱਥੇ ਪਿਆਰ ਮਿਲਿਆ ਅਤੇ ਇੱਥੇ ਲੜਾਈ ਲੜੀ।"
ਇਮਰਾਨ ਨੇ 10 ਅਕਤੂਬਰ ਨੂੰ ਮੁੰਬਈ ਦੇ ਅਗਸਤ ਕ੍ਰਾਂਤੀ ਮੈਦਾਨ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ। ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਨੇ ਇਮਰਾਨ, ਉਸਦੀ ਸਾਥੀ ਲੇਖਾ ਵਾਸ਼ਿੰਗਟਨ ਅਤੇ ਉਸਦੀ ਚਚੇਰੀ ਭੈਣ ਜ਼ੈਨ ਮੈਰੀ ਖਾਨ ਨੂੰ ਥੋੜ੍ਹੇ ਸਮੇਂ ਲਈ ਹਿਰਾਸਤ ਵਿੱਚ ਲੈ ਲਿਆ ਸੀ। ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਪੁਲਿਸ ਦੀ ਗੱਡੀ ਵਿੱਚ ਬੈਠੇ ਆਪਣੀ ਇੱਕ ਫੋਟੋ ਸਾਂਝੀ ਕਰਦਿਆਂ ਲਿਖਿਆ ਸੀ, "ਲੱਗਦਾ ਹੈ ਕਿ ਮੈਂ ਯਾਤਰਾ 'ਤੇ ਜਾ ਰਿਹਾ ਹਾਂ।"
ਅਦਾਕਾਰ ਦੇ ਵਕੀਲ ਨੇ ਪੁਸ਼ਟੀ ਕੀਤੀ ਹੈ ਕਿ ਉਹ ਬੰਬੇ ਹਾਈ ਕੋਰਟ ਵਿੱਚ ਇਸ ਨੋਟਿਸ ਨੂੰ ਚੁਣੌਤੀ ਦੇਣਗੇ।