ਜਲੰਧਰ : ਭਾਜਪਾ ਵੱਲੋਂ ਪੰਜਾਬ ਵਿਚ 'ਨਸ਼ਾ ਮੁਕਤ ਪੰਜਾਬ ਯਾਤਰਾ' ਜਾਰੀ ਹੈ। ਭਾਜਪਾ ਵੱਲੋਂ ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਕੁੱਲ੍ਹ 4 ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। 18 ਸਤੰਬਰ ਤੋਂ ਸ਼ੁਰੂ ਹੋਈ ਇਸ ਯਾਤਰਾਵਾਂ ਦੀ ਸਮਾਪਤੀ 30 ਸਤੰਬਰ ਨੂੰ ਜਲੰਧਰ ਵਿਖੇ ਹੋਵੇਗੀ। ਯਾਤਰਾ ਦੇ ਅੰਤਿਮ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ 'ਚ ਇਕ ਵਿਸ਼ਾਲ ਰੈਲੀ ਕਰਨਗੇ। ਇਹ ਰੈਲੀ ਲਿਲੀ ਰਿਜ਼ੌਰਟਸ ਹੋਟਲ ਪਰਾਗਪੁਰ ਜੀ. ਟੀ. ਰੋਡ ਨਾਲ ਲੱਗਦੇ ਖੇਤਾਂ ‘ਚ ਹੋਵੇਗੀ।
ਇਸੇ ਦੱਸ ਦੇਈਏ ਕਿ ਰੈਲੀ ਨੂੰ ਵੇਖਦੇ ਹੋਏ ਪੰਜਾਬ ਭਾਜਪਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਪੰਡਾਲ ਲਗਾਉਣ ਤੋਂ ਪਹਿਲਾਂ ਰੈਲੀ ਵਾਲੀ ਥਾਂ 'ਤੇ ਅੱਜ ਸਵੇਰੇ ਸਵਾ 9 ਵਜੇ ਤੈਅ ਸ਼ੁਭ ਮਹੂਰਤ ਮੁਤਾਬਕ ਪੂਰੇ ਧਾਰਮਿਕ ਰੀਤੀ-ਰਿਵਾਜਾਂ ਨਾਲ ਭੂਮੀ ਪੂਜਨ ਕੀਤਾ ਗਿਆ। ਇਸ ਭੂਮੀ ਪੂਜਨ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਪਹੁੰਚੇ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸੂਬੇ 'ਚ ਚਲਾਈ ਜਾ ਰਹੀ 'ਨਸ਼ਾ ਮੁਕਤ ਪੰਜਾਬ ਯਾਤਰਾ' ਨੂੰ ਆਮ ਜਨਤਾ ਦਾ ਭਰਪੂਰ ਸਮਰਥਨ ਤੇ ਸਹਿਯੋਗ ਮਿਲ ਰਿਹਾ ਹੈ।
ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਰੈਲੀ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਇਹ ਰੈਲੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ, ਸੁਸ਼ਾਸਨ ਪ੍ਰਦਾਨ ਕਰਨ ਅਤੇ ਵਿਕਾਸ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਬਹੁਤ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਬੂਥ ਪੱਧਰ 'ਤੇ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ।