25 ਸਾਲ ਦੇ ਭਾਰਤੀ ਰੇਸਰ ਕੁਸ਼ ਮੈਣੀ ਨੇ 24 ਮਈ ਨੂੰ ਇਤਿਹਾਸ ਰਚ ਦਿੱਤਾ ਹੈ। ਉਸ ਨੇ ਮੋਨਾਕੋ ਗ੍ਰਾਂ.ਪ੍ਰੀ. 'ਚ ਐੱਫ-2 ਸਪ੍ਰਿੰਟ ਰੇਸ ਨੂੰ 44.57.639 ਮਿੰਟਾਂ 'ਚ ਪੂਰਾ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਰੇਸ ਨੂੰ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਰੇਸਰ ਬਣ ਗਏ ਹਨ।
ਮੈਨੀ ਨੇ ਅਲਪਾਈਨ ਅਕੈਡਮੀ ਦੀ ਯੂਨਿਟ ਡੀ.ਏ.ਐੱਮ.ਐੱਸ. ਲੁਕਾਸ ਆਇਲ ਦੀ ਅਗਵਾਈ ਕਰਦੇ ਹੋਏ ਸਪ੍ਰਿੰਟ ਈਵੈਂਟ ਦੇ 30 ਲੈਪ ਸਭ ਤੋਂ ਘੱਟ ਸਮੇਂ 'ਚ ਪੂਰੇ ਕਰ ਕੇ ਜਿੱਤ ਦਰਜ ਕੀਤੀ। ਉਨ੍ਹਾਂ ਨੇ ਮੁਕਾਬਲੇ 'ਚ ਇਟਲੀ ਦੇ ਗੈਬ੍ਰਿਅਲ ਮਿਨੀ ਤੇ ਇੰਗਲੈਂਡ ਦੇ ਲਿਊਕ ਬ੍ਰਾਊਨਿੰਗ ਨੂੰ ਪਛਾੜ ਕੇ ਇਹ ਇਤਿਹਾਸ ਰਚਿਆ ਹੈ।
ਜਿੱਤ ਦਰਜ ਕਰਨ ਮਗਰੋਂ ਮੈਣੀ ਨੇ ਕਿਹਾ, ''ਪੀ. ਮੋਨਾਕੋ 'ਚ ਜਿੱਤਣ ਵਾਲਾ ਪਹਿਲਾ ਭਾਰਤੀ ਬਣਨਾ ਇਕ ਮਾਣ ਵਾਲੀ ਗੱਲ ਹੈ। ਇਹ ਇਕ ਸੁਪਨਾ ਸੱਚ ਹੋਣ ਵਰਗਾ ਹੈ। ਮੈਂ ਡੀ.ਏ.ਐੱਮ.ਐੱਸ. ਤੇ ਮੇਰਾ ਸਮਰਥਨ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।''
ਜਿੱਤ ਮਗਰੋਂ ਜਦੋਂ ਉਹ ਟਰਾਫ਼ੀ ਲੈਣ ਪੋਡੀਅਮ 'ਤੇ ਆਇਆ ਤਾਂ ਭਾਰਤ ਦਾ ਰਾਸ਼ਟਰੀ ਗਾਣ ਚਲਾਇਆ ਗਿਆ, ਜਿਸ ਨਾਲ ਹਰ ਭਾਰਤੀ ਦਾ ਮਨ ਖੁਸ਼ੀ ਨਾਲ ਝੂਮ ਉੱਠਿਆ। ਅੱਜ ਤੱਕ ਕਿਸੇ ਵੀ ਭਾਰਤੀ ਰੇਸਰ ਨੇ ਇੰਨਾ ਵੱਡਾ ਮੁਕਾਮ ਹਾਸਲ ਨਹੀਂ ਕੀਤਾ। ਮੈਣੀ ਨੂੰ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਬਣਨ ਦਾ ਮਾਣ ਹਾਸਲ ਹੋਇਆ ਹੈ।