ਮੁੰਬਈ : ਅਦਾਕਾਰਾ ਸਮੀਰਾ ਰੈੱਡੀ ਲੰਬੇ ਸਮੇਂ ਬਾਅਦ ਪਰਦੇ 'ਤੇ ਵਾਪਸੀ ਕਰਨ ਲਈ ਤਿਆਰ ਹੈ। ਉਹ ਸੰਜੇ ਦੱਤ ਦੀ ਆਉਣ ਵਾਲੀ ਫ਼ਿਲਮ 'ਆਖਰੀ ਸਵਾਲ' ਵਿੱਚ ਪ੍ਰੋਫੈਸਰ ਪੱਲਵੀ ਮੈਨਨ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਦੱਸਣਯੋਗ ਹੈ ਕਿ ਸਮੀਰਾ ਰੈੱਡੀ ਆਖਰੀ ਵਾਰ ਸਾਲ 2012 ਵਿੱਚ ਫ਼ਿਲਮ 'ਤੇਜ਼' (Tezz) ਵਿੱਚ ਨਜ਼ਰ ਆਈ ਸੀ।
ਸਮੀਰਾ ਰੈੱਡੀ ਨੇ ਆਪਣੀ ਵਾਪਸੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਕਿਸੇ ਸਧਾਰਨ ਜਾਂ ਸੁਰੱਖਿਅਤ ਭੂਮਿਕਾ ਨਾਲ ਵਾਪਸੀ ਨਹੀਂ ਸੀ ਕਰਨਾ ਚਾਹੁੰਦੀ। ਉਨ੍ਹਾਂ ਮੁਤਾਬਕ 'ਆਖਰੀ ਸਵਾਲ' ਇੱਕ ਅਜਿਹੀ ਫ਼ਿਲਮ ਹੈ ਜੋ ਦਰਸ਼ਕਾਂ ਦੇ ਵਿਸ਼ਵਾਸਾਂ ਨੂੰ ਚੁਣੌਤੀ ਦਿੰਦੀ ਹੈ ਅਤੇ ਬਹਿਸ ਛੇੜਦੀ ਹੈ। ਸਮੀਰਾ ਨੇ ਸਪੱਸ਼ਟ ਕੀਤਾ ਕਿ RSS ਬਾਰੇ ਉਨ੍ਹਾਂ ਦੀ ਜਾਣਕਾਰੀ ਪਹਿਲਾਂ ਸੀਮਤ ਸੀ, ਪਰ ਇਸ ਫ਼ਿਲਮ ਦੀ ਸਕ੍ਰਿਪਟ ਪੜ੍ਹਨ ਤੋਂ ਬਾਅਦ ਉਨ੍ਹਾਂ ਦਾ ਨਜ਼ਰੀਆ ਬਦਲ ਗਿਆ ਹੈ।
ਫ਼ਿਲਮ ਦੀ ਕਹਾਣੀ ਇਕ ਹੋਣਹਾਰ ਪਰ ਗੁਸੈਲ ਵਿਦਵਾਨ 'ਵਿੱਕੀ' ਦੇ ਆਲੇ-ਦੁਆਲੇ ਘੁੰਮਦੀ ਹੈ। ਜਦੋਂ ਵਿੱਕੀ ਦੀ ਥੀਸਿਸ ਰਿਜੈਕਟ ਹੋ ਜਾਂਦੀ ਹੈ, ਤਾਂ ਉਹ ਆਪਣੇ ਗੁਰੂ ਪ੍ਰੋਫੈਸਰ ਗੋਪਾਲ ਨਡਕਰਨੀ 'ਤੇ ਪੱਖਪਾਤ ਦਾ ਦੋਸ਼ ਲਗਾਉਂਦਾ ਹੈ। ਇਹ ਨਿੱਜੀ ਵਿਵਾਦ ਹੌਲੀ-ਹੌਲੀ ਰਾਸ਼ਟਰੀ ਟੈਲੀਵਿਜ਼ਨ ਦੀ ਬਹਿਸ ਦਾ ਰੂਪ ਧਾਰ ਲੈਂਦਾ ਹੈ। ਇਸ ਫਿਲਮ ਵਿੱਚ ਸੰਜੇ ਦੱਤ ਤੋਂ ਇਲਾਵਾ, ਅਮਿਤ ਸਾਧ, ਨਮਾਸ਼ੀ ਚੱਕਰਵਰਤੀ, ਸਮੀਰਾ ਰੈਡੀ, ਨੀਤੂ ਚੰਦਰ ਅਤੇ ਤ੍ਰਿਧਾ ਚੌਧਰੀ ਵਰਗੇ ਕਲਾਕਾਰ ਸ਼ਾਮਲ ਹੈ।"
'ਆਖਰੀ ਸਵਾਲ' ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਅਭਿਜੀਤ ਮੋਹਨ ਵਾਰੰਗ ਦੁਆਰਾ ਕੀਤਾ ਗਿਆ ਹੈ। ਨਿਖਿਲ ਨੰਦਾ ਦੁਆਰਾ ਪੇਸ਼ ਕੀਤੀ ਗਈ, ਇਹ ਫਿਲਮ ਨਿਖਿਲ ਨੰਦਾ ਅਤੇ ਸੰਜੇ ਦੱਤ ਦੁਆਰਾ ਸਾਂਝੇ ਤੌਰ 'ਤੇ ਬਣਾਈ ਗਈ ਹੈ, ਜਿਸ ਵਿੱਚ ਪੁਨੀਤ ਨੰਦਾ, ਡਾ. ਦੀਪਕ ਸਿੰਘ, ਗੌਰਵ ਦੂਬੇ ਅਤੇ ਉੱਜਵਲ ਆਨੰਦ ਸਹਿ-ਨਿਰਮਾਣ ਕਰ ਰਹੇ ਹਨ। ਕਹਾਣੀ, ਸਕ੍ਰੀਨਪਲੇ ਅਤੇ ਸੰਵਾਦ ਉਤਕਰਸ਼ ਨਥਾਨੀ ਦੁਆਰਾ ਲਿਖੇ ਗਏ ਹਨ। ਇਹ ਫਿਲਮ 8 ਮਈ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।