ਮੁੰਬਈ : ਭਾਰਤੀ ਸਿਨੇਮਾ ਅਤੇ ਦੀਵਾਲੀ ਦੀ ਭਾਵਨਾ ਨੂੰ ਅੰਤਰਰਾਸ਼ਟਰੀ ਮੰਚ ’ਤੇ ਲੈ ਕੇ ਜਾਂਦੇ ਹੋਏ ਨਮਿਤ ਮਲਹੋਤਰਾ ਦੀ ‘ਰਾਮਾਇਣ : ਰਾਈਜ਼ ਆਫ਼ ਏ ਲੀਜੈਂਡ’ ਉਨ੍ਹਾਂ ਚੋਣਵੀਆਂ ਭਾਰਤੀ ਫ਼ਿਲਮਾਂ ਵਿਚ ਸ਼ਾਮਲ ਹੋਣ ਜਾ ਰਹੀ ਹੈ, ਜਿਨ੍ਹਾਂ ਦਾ ਵਰਲਡ ਪ੍ਰੀਮੀਅਰ ਅਕੈਡਮੀ ਮਿਊਜ਼ੀਅਮ ਆਫ਼ ਮੋਸ਼ਨ ਪਿਕਚਰਜ਼ ਦੇ ਡੇਵਿਡ ਗੈਫੇਨ ਥੀਏਟਰ ’ਚ ਹੋਵੇਗਾ।
ਨਮਿਤ ਮਲਹੋਤਰਾ ਦੇ ਨਿਰਮਾਣ ਅਤੇ ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣ ਰਹੀ ‘ਰਾਮਾਇਣ’ ਸਾਲ 2026 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇਕ ਹੈ। ਫ਼ਿਲਮ ਦਾ ਸ਼ਾਨਦਾਰ ਪੱਧਰ, ਦਮਦਾਰ ਕਲਾਕਾਰ ਅਤੇ ਸ਼ਾਨਦਾਰ ਦ੍ਰਿਸ਼ ਇਸ ਨੂੰ ਖ਼ਾਸ ਬਣਾਉਂਦੇ ਹਨ ਪਰ ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀਆਂ ਮੂਲ ਭਾਵਨਾਵਾਂ ਨਾਲ ਜੁੜੀ ਹੋਈ ਹੈ। ਸ਼ੁਰੂਆਤ ਤੋਂ ਹੀ ਫ਼ਿਲਮ ਦੀ ਟੀਮ ਨੇ ਇਸ ਨੂੰ ਸਿਰਫ਼ ਇਕ ਪ੍ਰਾਜੈਕਟ ਨਹੀਂ, ਸਗੋਂ ਇਕ ਪਵਿੱਤਰ ਜ਼ਿੰਮੇਵਾਰੀ ਵਜੋਂ ਦੇਖਿਆ ਹੈ। ਜਿੱਥੇ ਫ਼ਿਲਮ ਇੰਡਸਟਰੀ ’ਚ ਅਕਸਰ ਪ੍ਰਚਾਰ ਦੀਆਂ ਯੋਜਨਾਵਾਂ ਮਾਰਕੀਟਿੰਗ ਦੇ ਹਿਸਾਬ ਨਾਲ ਬਣਾਈਆਂ ਜਾਂਦੀਆਂ ਹਨ, ਉੱਥੇ ਹੀ ‘ਰਾਮਾਇਣ’ ਨੂੰ ਭਾਰਤੀ ਸੱਭਿਆਚਾਰ, ਰਵਾਇਤ ਅਤੇ ਅਧਿਆਤਮਕ ਮਹੱਤਤਾ ਨੂੰ ਧਿਆਨ ’ਚ ਰੱਖ ਕੇ ਅੱਗੇ ਵਧਾਇਆ ਜਾ ਰਿਹਾ ਹੈ।
ਨਿਰਮਾਤਾਵਾਂ ਨੇ ਐਲਾਨ ਕੀਤਾ ਹੈ ਕਿ ਵਰਲਡ ਪ੍ਰੀਮੀਅਰ 27 ਅਕਤੂਬਰ ਨੂੰ ਲਾਸ ਏਂਜਲਸ ’ਚ ਵੱਕਾਰੀ ਅਕੈਡਮੀ ਮਿਊਜ਼ੀਅਮ ਆਫ਼ ਮੋਸ਼ਨ ਪਿਕਚਰਜ਼ ’ਚ ਹੋਵੇਗਾ। ਇਹ ਸਿਰਫ਼ ਫ਼ਿਲਮ ਦੀ ਸਕ੍ਰੀਨਿੰਗ ਨਹੀਂ, ਸਗੋਂ ਭਾਰਤੀ ਸੱਭਿਆਚਾਰ ਅਤੇ ਸਿਨੇਮਾ ਲਈ ਮਾਣ ਵਾਲਾ ਪਲ ਵੀ ਹੈ। ਫ਼ਿਲਮ ਦਾ ਪਹਿਲਾ ਹਿੱਸਾ 5 ਨਵੰਬਰ ਨੂੰ ਰਿਲੀਜ਼ ਹੋਵੇਗਾ। ਭਾਰਤ ’ਚ ਇਹ ਫ਼ਿਲਮ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ’ਚ ਰਿਲੀਜ਼ ਕੀਤੀ ਜਾਵੇਗੀ।