ਜਰਮਨੀ ਦੀ ਲਗਜ਼ਰੀ ਵਾਹਨ ਕੰਪਨੀ ਮਰਸੀਡੀਜ਼-ਬੈਂਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਓਲਾ ਕੈਲੀਨੀਅਸ ਨੇ ਭਾਰਤ ਨੂੰ ਕੰਪਨੀ ਲਈ ਇਕ ਪ੍ਰਮੁੱਖ ਵਾਧਾ ਬਾਜ਼ਾਰ ਅਤੇ ਟੈਕਨਾਲੋਜੀ ਕੇਂਦਰ ਦੱਸਦੇ ਹੋਏ ਕਿਹਾ ਕਿ ਆਉਣ ਵਾਲੇ ਸਾਲਾਂ ’ਚ ਇੱਥੇ ਕਈ ਨਵੇਂ ਮਾਡਲ ਪੇਸ਼ ਕੀਤੇ ਜਾਣਗੇ।
ਕੈਲੀਨੀਅਸ ਨੇ ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਸਾਲਾਨਾ ਸੰਮੇਲਨ ਨੂੰ ਆਨਲਾਈਨ ਸੰਬੋਧਨ ਕਰਦਿਆਂ ਕਿਹਾ, ‘‘ਮਰਸੀਡੀਜ਼ ਭਾਰਤ ’ਚ ਇਕ ਸਥਾਪਿਤ ਬ੍ਰਾਂਡ ਹੈ। ਅਸੀਂ ਵਾਧਾ ਕੀਤਾ ਹੈ ਅਤੇ ਆਉਣ ਵਾਲੇ ਕੁਝ ਸਾਲਾਂ ’ਚ ਕਈ ਦੂਜੇ ਮਾਡਲ ਪੇਸ਼ ਕਰਨ ਜਾ ਰਹੇ ਹਾਂ।’’ ਉਨ੍ਹਾਂ ਨੇ ਭਾਰਤੀ ਬਾਜ਼ਾਰ ’ਚ ਕੰਪਨੀ ਦੇ ਲੰਮੀ ਮਿਆਦ ਦੇ ਭਵਿੱਖ ਨੂੰ ਲੈ ਕੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਮਰਸੀਡੀਜ਼-ਬੈਂਜ਼ ਉਸੇ ਦੇ ਅਨੁਕੂਲ ਆਪਣੀਆਂ ਉਦਯੋਗਿਕ ਗਤੀਵਿਧੀਆਂ ਦਾ ਵਿਸਥਾਰ ਕਰੇਗੀ।