ਮੁੰਬਈ : ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਸਟਾਰਰ ਫਿਲਮ ‘ਦਾਦਾ-ਦਿ ਸੌਰਵ ਗਾਂਗੁਲੀ ਸਟੋਰੀ’ ਦਾ ਫਸਟ ਲੁੱਕ ਪੋਸਟਰ ਸੌਰਵ ਗਾਂਗੁਲੀ ਦੇ ਜਨਮ ਦਿਨ ਮੌਕੇ ਜਾਰੀ ਕੀਤਾ ਗਿਆ ਹੈ, ਜਿਸ ਨੇ ਦੁਨੀਆ ਭਰ ’ਚ ਮੌਜੂਦ ਕਰੋੜਾਂ ਪ੍ਰਸ਼ੰਸਕਾਂ ਲਈ ਇਸ ਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਫਸਟ ਲੁੱਕ ਨਾਲ ਹੀ ਨਿਰਮਾਤਾਵਾਂ ਨੇ ਇਹ ਵੀ ਐਲਾਨ ਕੀਤਾ ਕਿ ਇਹ ਫਿਲਮ 14 ਮਈ, 2027 ਨੂੰ ਇਕ ਵਿਸਤਾਰਿਤ ਹਾਲੀਡੇਅ ਵੀਕੈਂਡ ਦੌਰਾਨ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਫਿਲਮ ਦੇ ਫਸਟ ਲੁੱਕ ਪੋਸਟਰ ’ਚ ਰਾਜਕੁਮਾਰ ਰਾਓ ਨੂੰ ਸੌਰਵ ਗਾਂਗੁਲੀ ਦੇ ਉਸ ਇਤਿਹਾਸਕ ਪਲ ਨੂੰ ਦੁਬਾਰਾ ਜਿਊਂਦੇ ਹੋਏ ਦਿਖਾਇਆ ਗਿਆ ਹੈ, ਜਦੋਂ ਉਨ੍ਹਾਂ ਨੇ ਸਾਲ 2002 ’ਚ ਇੰਗਲੈਂਡ ਖਿਲਾਫ ਨੈੱਟਵੈਸਟ ਟ੍ਰਾਫੀ ਜਿੱਤਣ ਤੋਂ ਬਾਅਦ ਲਾਰਡਸ ਦੀ ਬਾਲਕੋਨੀ ’ਚ ਆਪਣੀ ਜਰਸੀ ਲਹਿਰਾਈ ਸੀ। ਇਹ ਪਲ ਭਾਰਤੀ ਕ੍ਰਿਕਟ ਦੇ ਸਭ ਤੋਂ ਯਾਦਗਾਰ ਪਲਾਂ ’ਚੋਂ ਇਕ ਮੰਨਿਆ ਜਾਂਦਾ ਹੈ। ‘ਦਾਦਾ-ਦਿ ਸੌਰਵ ਗਾਂਗੁਲੀ ਸਟੋਰੀ’ ਉਸ ਸ਼ਖਸ ਦੀ ਪ੍ਰੇਰਨਾਦਾਇਕ ਕਹਾਣੀ ਹੈ, ਜਿਸ ਨੇ ਸਿਰਫ ਕ੍ਰਿਕਟ ਖੇਡਿਆ ਹੀ ਨਹੀਂ, ਸਗੋਂ ਭਾਰਤੀ ਕ੍ਰਿਕਟ ਦੀ ਤਸਵੀਰ ਵੀ ਬਦਲ ਦਿੱਤੀ।
ਫਿਲਮ ’ਚ ਇਕ ਪ੍ਰਤਿਭਾਸ਼ਾਲੀ ਨੌਜਵਾਨ ਕ੍ਰਿਕਟਰ ਤੋਂ ਲੈ ਕੇ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਕਪਤਾਨਾਂ ’ਚ ਸ਼ਾਮਿਲ ਹੋਣ ਤੱਕ ਦਾ ਸਫ਼ਰ ਦਿਖਾਇਆ ਜਾਵੇਗਾ। ਇਹ ਕਹਾਣੀ ਉਨ੍ਹਾਂ ਦੇ ਜਜ਼ਬੇ, ਸੰਘਰਸ਼ ਅਤੇ ਮਜ਼ਬੂਤ ਇਰਾਦਿਆਂ ਨੂੰ ਸਾਹਮਣੇ ਲਿਆਏਗੀ, ਜਿਸ ਨੇ ਭਾਰਤੀ ਕ੍ਰਿਕਟ ਨੂੰ ਨਵੀਂ ਪਛਾਣ ਦਿੱਤੀ ਅਤੇ ਪੂਰੀ ਇਕ ਪੀੜ੍ਹੀ ਨੂੰ ਪ੍ਰੇਰਿਤ ਕੀਤਾ। ‘ਦਾਦਾ-ਦਿ ਸੌਰਵ ਗਾਂਗੁਲੀ ਸਟੋਰੀ’ ਦਾ ਨਿਰਦੇਸ਼ਨ ਵਿਕਰਮਾਦਿੱਤਿਆ ਮੋਟਵਾਨੀ ਨੇ ਕੀਤਾ ਹੈ। ਫਿਲਮ ਦਾ ਨਿਰਮਾਣ ਲਵ ਰੰਜਨ ਅਤੇ ਅੰਕੁਰ ਗਰਗ ਨੇ ਕੀਤਾ ਹੈ। ਇਸ ਨੂੰ ਗੁਲਸ਼ਨ ਕੁਮਾਰ, ਭੂਸ਼ਣ ਕੁਮਾਰ, ਟੀ-ਸੀਰੀਜ਼ ਅਤੇ ਡੀ.ਬੀ.ਐੱਲ. ਪੇਸ਼ ਕਰ ਰਹੇ ਹਨ। ਇਹ ਲਵ ਫਿਲਮਜ਼ ਦੇ ਬੈਨਰ ਹੇਠ ਬਣੀ ਹੈ।