ਜਲੰਧਰ : ਪੰਜਾਬੀ ਸਿਨੇਮਾ ਦੀ ਸਭ ਤੋਂ ਕਾਮਯਾਬ ਅਤੇ ਚਰਚਿਤ ਫ੍ਰੈਂਚਾਇਜ਼ੀ ਫਿਲਮ ‘ਕੈਰੀ ਆਨ ਜੱਟਾ’ ਇਕ ਵਾਰ ਫਿਰ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹੈ। ਫਿਲਮ ਦੇ ਚੌਥੇ ਭਾਗ ‘ਕੈਰੀ ਆਨ ਜੱਟਾ 4’ ਦੇ ਐਲਾਨ ਤੋਂ ਬਾਅਦ ਹੁਣ ਇਸ ਦੇ ਨਵੇਂ ਗੀਤ ‘ਲੌਕੇਟ’ ਨੇ ਸੋਸ਼ਲ ਮੀਡੀਆ ’ਤੇ ਧੂਮ ਮਚਾ ਦਿੱਤੀ ਹੈ। ਫਿਲਮ ਦਾ ‘ਲੌਕੇਟ ਸੌਂਗ’ ਗਿੱਪੀ ਗਰੇਵਾਲ ਅਤੇ ਸੁਨੰਦਾ ਸ਼ਰਮਾ ਦੀ ਆਵਾਜ਼ ਵਿਚ ਰਿਲੀਜ਼ ਕੀਤਾ ਗਿਆ ਹੈ। ਗਿੱਪੀ ਗਰੇਵਾਲ ਦੀ ਅਗਵਾਈ ਵਾਲੀ ਇਸ ਸਟਾਰ-ਸਟੱਡਡ ਫਿਲਮ ਦਾ ਸੰਗੀਤ ਹਮੇਸ਼ਾ ਹੀ ਖਾਸ ਰਿਹਾ ਹੈ ਅਤੇ ਇਹ ਗੀਤ ਵੀ ਪ੍ਰਸ਼ੰਸਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਾ ਨਜ਼ਰ ਆ ਰਿਹਾ ਹੈ। ਇਸ ਗੀਤ ਨੂੰ ਬਹੁਤ ਥੋੜ੍ਹੇ ਸਮੇਂ ਵਿਚ ਹੀ ਲੱਗਭਗ 3 ਮਿਲੀਅਨ (30 ਲੱਖ) ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ।
ਇਸ ਧਮਾਕੇਦਾਰ ਗੀਤ ਨੂੰ ਪ੍ਰਸਿੱਧ ਸੰਗੀਤਕਾਰ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਦਮਦਾਰ ਬੋਲ ਮਸ਼ਹੂਰ ਗੀਤਕਾਰ ਹੈਪੀ ਰਾਏਕੋਟੀ ਨੇ ਲਿਖੇ ਹਨ। ਇਹ ਤਿੱਕੜੀ ਪਹਿਲਾਂ ਵੀ ਕਈ ਸੁਪਰਹਿੱਟ ਗੀਤ ਦੇ ਚੁੱਕੀ ਹੈ ਅਤੇ ਇਸ ਵਾਰ ਵੀ ਉਨ੍ਹਾਂ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਹੈ।
ਇਸ ਫਿਲਮ ਵਿਚ ਗਿੱਪੀ ਗਰੇਵਾਲ ਦੇ ਨਾਲ ਮੁੱਖ ਭੂਮਿਕਾ ਵਿਚ ਸਰਗੁਣ ਮਹਿਤਾ ਨਜ਼ਰ ਆਵੇਗੀ। ਇਸ ਤੋਂ ਇਲਾਵਾ ਦਿੱਗਜ ਕਲਾਕਾਰ ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਬੀ. ਐੱਨ. ਸ਼ਰਮਾ ਇਕ ਵਾਰ ਫਿਰ ਆਪਣੀ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਪ੍ਰਿੰਸ ਕੰਵਲਜੀਤ ਸਿੰਘ, ਸ਼ਿੰਦਾ ਗਰੇਵਾਲ, ਪੁਖਰਾਜ ਭੱਲਾ, ਜੈਸਮੀਨ ਬਾਜਵਾ, ਸੀਮਾ ਕੌਸ਼ਲ ਅਤੇ ਹਨੀ ਮੱਟੂ ਵਰਗੇ ਉੱਘੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿਚ ਦਿਖਾਈ ਦੇਣਗੇ।