ਨੇਪਾਲ 'ਚ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਕਾਰਨ ਦੇਸ਼ 'ਚ ਤਬਾਹੀ ਮਚੀ ਹੋਈ ਹੈ। ਇਸ ਤਬਾਹੀ 'ਚ 1100 ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ, ਜਦਕਿ ਹਜ਼ਾਰਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸੇ ਦੌਰਾਨ ਨੇਪਾਲ ਦੇ ਗੁਆਂਢੀ ਦੇਸ਼ ਤਿੱਬਤ 'ਚ ਵੀਰਵਾਰ ਨੂੰ ਇਕ ਵਾਰ ਫ਼ਿਰ ਤੇਜ਼ ਭੂਚਾਲ ਦੇ ਝਟਕੇ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.0 ਦਰਜ ਕੀਤੀ ਗਈ ਹੈ। ਇਹ ਭੂਚਾਲ ਨੇਪਾਲ 'ਚ ਗਲੇਸ਼ੀਅਰ ਟੁੱਟਣ ਕਾਰਨ ਆਈ ਭਿਆਨਕ ਹੜ੍ਹ ਦੀ ਤਬਾਹੀ ਤੋਂ ਠੀਕ ਇੱਕ ਹਫ਼ਤੇ ਬਾਅਦ ਆਇਆ ਹੈ, ਜਿਸ ਨਾਲ ਪੂਰੇ ਪਹਾੜੀ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਜਰਮਨ ਰਿਸਰਚ ਸੈਂਟਰ ਫ਼ਾਰ ਜੀਓਸਾਇੰਸਜ਼ ਅਨੁਸਾਰ, ਭੂਚਾਲ ਦਾ ਕੇਂਦਰ ਧਰਤੀ ਤੋਂ ਲਗਭਗ 10 ਕਿਲੋਮੀਟਰ ਦੀ ਡੂੰਘਾਈ 'ਚ ਸੀ। ਫਿਲਹਾਲ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਇਹ ਭੂਚਾਲ ਇਲਾਕੇ 'ਚ ਗਲੇਸ਼ੀਅਰ ਦੇ ਟੁੱਟਣ ਦਾ ਕਾਰਨ ਬਣ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਹ ਭੂਚਾਲ ਅਜਿਹੇ ਸਮੇਂ ਆਇਆ ਹੈ ਜਦੋਂ ਨੇਪਾਲ ਸਰਹੱਦ ਨੇੜੇ 26 ਅਗਸਤ ਨੂੰ ਗਲੇਸ਼ੀਅਰ ਟੁੱਟਣ ਕਾਰਨ ਆਏ ਹੜ੍ਹ ਨੇ ਪਹਾੜੀ ਖੇਤਰਾਂ 'ਚ ਭਾਰੀ ਤਬਾਹੀ ਮਚਾਈ ਸੀ। ਉਸ ਹਾਦਸੇ ਵਿੱਚ ਹੁਣ ਤੱਕ 1,100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4,000 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਪਹਿਲਾਂ ਤੋਂ ਹੀ ਹੜ੍ਹ ਅਤੇ ਮਲਬੇ ਦੀ ਮਾਰ ਝੱਲ ਰਹੇ ਇਸ ਖੇਤਰ 'ਚ ਭੂਚਾਲ ਦੇ ਤਾਜ਼ਾ ਝਟਕਿਆਂ ਕਾਰਨ ਗਲੇਸ਼ੀਅਰ ਟੁੱਟਣ ਤੇ ਲੈਂਡਸਲਾਈਡ ਦਾ ਖ਼ਤਰਾ ਹੋਰ ਵਧ ਗਿਆ ਹੈ।