ਮੱਧ ਪੂਰਬ ਵਿਚ ਜਾਰੀ ਸੰਘਰਸ਼ ਅਤੇ ਹੋਰਮੁਜ਼ ਸਟ੍ਰੇਟ ਵਿਚ ਠੱਪ ਪਈ ਆਵਾਜਾਈ ਨੇ ਹੁਣ ਵਿਸ਼ਵਵਿਆਪੀ ਖੁਰਾਕ ਸੁਰੱਖਿਆ ’ਤੇ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਹੈ। ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫ. ਏ. ਓ.) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਸਥਿਤੀ ਲੰਬੀ ਖਿੱਚੀ ਜਾਂਦੀ ਹੈ, ਤਾਂ ਦੁਨੀਆ ‘ਫੂਡ ਕੈਟਾਸਟ੍ਰੋਫੀ’ (ਖੁਰਾਕੀ ਤਬਾਹੀ) ਵੱਲ ਵਧ ਸਕਦੀ ਹੈ। ਫਿਲਹਾਲ ਬਾਜ਼ਾਰ ਵਿਚ ਸਥਿਰਤਾ ਇਸ ਲਈ ਬਣੀ ਹੋਈ ਹੈ ਕਿਉਂਕਿ ਲੋੜੀਂਦੇ ਭੰਡਾਰ ਮੌਜੂਦ ਹਨ ਪਰ ਊਰਜਾ ਅਤੇ ਖਾਦ ਦੀ ਸਪਲਾਈ ਵਿਚ ਜਾਰੀ ਰੁਕਾਵਟਾਂ ਆਉਣ ਵਾਲੇ ਸਮੇਂ ਵਿਚ ਖਾਣ-ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਨੂੰ ਤੇਜ਼ੀ ਨਾਲ ਵਧਾ ਸਕਦੀਆਂ ਹਨ।
ਫਿਲਹਾਲ ਰਾਹਤ ਪਰ ਸੰਕਟ ਡੂੰਘਾ ਹੋਣ ਦੇ ਸੰਕੇਤ
ਐੱਫ. ਏ. ਓ. ਦੇ ਮੁੱਖ ਅਰਥ ਸ਼ਾਸਤਰੀ ਮੈਕਸੀਮੋ ਟੋਰੇਰੋ ਦਾ ਕਹਿਣਾ ਹੈ ਕਿ ਇਸ ਸਮੇਂ ਖਾਣ-ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਨਹੀਂ ਹੋਇਆ ਹੈ ਕਿਉਂਕਿ ਪਿਛਲੇ ਚੰਗੇ ਉਤਪਾਦਨ ਅਤੇ ਸਟਾਕ ਦੀ ਉਪਲਬਧਤਾ ਨੇ ਇਸ ਝਟਕੇ ਨੂੰ ਸੰਭਾਲ ਰੱਖਿਆ ਹੈ। ਹਾਲਾਂਕਿ ਉਨ੍ਹਾਂ ਨੇ ਖ਼ਬਰਦਾਰ ਕੀਤਾ ਹੈ ਕਿ ਜੇਕਰ ਹੋਰਮੁਜ਼ ਸਟ੍ਰੇਟ ਵਿਚ ਜਹਾਜ਼ਾਂ ਦੀ ਆਵਾਜਾਈ ਜਲਦੀ ਬਹਾਲ ਨਹੀਂ ਹੁੰਦੀ, ਤਾਂ 2026 ਦੇ ਅੰਤ ਤੋਂ ਲੈ ਕੇ 2027 ਤੱਕ ਇਸ ਦਾ ਅਸਰ ਵਿਸ਼ਵ ਬਾਜ਼ਾਰਾਂ ਵਿਚ ਸਪੱਸ਼ਟ ਤੌਰ ’ਤੇ ਦਿਖਾਈ ਦੇਵੇਗਾ ਅਤੇ ਕੀਮਤਾਂ ਵਿਚ ਉਛਾਲ ਆਵੇਗਾ।
ਖੇਤੀਬਾੜੀ ਉਤਪਾਦਾਂ ਦੀ ਸਪਲਾਈ ’ਤੇ ਵੱਡਾ ਖ਼ਤਰਾ
ਐੱਫ. ਏ. ਓ. ਅਨੁਸਾਰ ਦੁਨੀਆ ਦੇ 20 ਤੋਂ 45 ਫੀਸਦੀ ਖਾਦ, ਪਸ਼ੂ ਚਾਰਾ ਅਤੇ ਰਸਾਇਣਾਂ ਵਰਗੇ ਮਹੱਤਵਪੂਰਨ ਖੇਤੀਬਾੜੀ ਉਤਪਾਦ ਇਸੇ ਹੋਰਮੁਜ਼ ਸਟ੍ਰੇਟ ਰਾਹੀਂ ਗੁਜ਼ਰਦੇ ਹਨ। ਅਜਿਹੇ ਵਿਚ ਇੱਥੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਸਿੱਧੇ ਤੌਰ ’ਤੇ ਖੇਤੀ ਉਤਪਾਦਨ ਅਤੇ ਖੁਰਾਕੀ ਵਸਤੂਆਂ ਦੀ ਸਪਲਾਈ ’ਤੇ ਅਸਰ ਪਾਉਂਦੀ ਹੈ।
ਖਾਦ ਸੰਕਟ ਨਾਲ ਉਤਪਾਦਨ ’ਤੇ ਅਸਰ
ਦੁਨੀਆ ਦਾ ਲੱਗਭਗ ਅੱਧਾ ਯੂਰੀਆ ਐਕਸਪੋਰਟ ਖਾੜੀ ਦੇਸ਼ਾਂ ਤੋਂ ਇਸੇ ਰਸਤੇ ਰਾਹੀਂ ਹੁੰਦਾ ਹੈ। ਕੁਦਰਤੀ ਗੈਸ ਦੀ ਸਪਲਾਈ ਵਿਚ ਰੁਕਾਵਟ ਅਤੇ ਸ਼ਿਪਿੰਗ ਸੰਕਟ ਕਾਰਨ ਕਈ ਖਾਦ ਪਲਾਂਟਾਂ ਨੇ ਉਤਪਾਦਨ ਘਟਾ ਦਿੱਤਾ ਹੈ। ਇਸ ਦਾ ਸਿੱਧਾ ਅਸਰ ਕਿਸਾਨਾਂ ’ਤੇ ਪਵੇਗਾ, ਜਿਨ੍ਹਾਂ ਨੂੰ ਜਾਂ ਤਾਂ ਘੱਟ ਖਾਦ ਨਾਲ ਖੇਤੀ ਕਰਨੀ ਪਵੇਗੀ ਜਾਂ ਵਧੀ ਹੋਈ ਲਾਗਤ ਨਾਲ ਉਤਪਾਦਨ ਕਰਨਾ ਪਵੇਗਾ, ਜਿਸ ਨਾਲ ਅੰਤ ਵਿਚ ਅਨਾਜ ਦੀਆਂ ਕੀਮਤਾਂ ਵਧਣਗੀਆਂ।
ਊਰਜਾ ਮਹਿੰਗਾਈ ਨਾਲ ਵਧੇਗਾ ਖੁਰਾਕੀ ਦਬਾਅ
ਈਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਤਣਾਅ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਦੇਖਿਆ ਗਿਆ ਹੈ। ਊਰਜਾ ਮਹਿੰਗੀ ਹੋਣ ਕਾਰਨ ਆਵਾਜਾਈ, ਸਿੰਚਾਈ ਅਤੇ ਉਤਪਾਦਨ ਦੀ ਲਾਗਤ ਵਧ ਰਹੀ ਹੈ, ਜਿਸ ਦਾ ਸਿੱਧਾ ਅਸਰ ਖਾਣ-ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ’ਤੇ ਪਵੇਗਾ। ਇਸ ਤਰ੍ਹਾਂ ਊਰਜਾ ਸੰਕਟ ਹੌਲੀ-ਹੌਲੀ ਖੁਰਾਕੀ ਮਹਿੰਗਾਈ ਵਿਚ ਬਦਲਦਾ ਦਿਖਾਈ ਦੇ ਰਿਹਾ ਹੈ।
ਹੱਲ ਲਈ ਸ਼ਿਪਿੰਗ ਬਹਾਲੀ ਜ਼ਰੂਰੀ
ਟੋਰੇਰੋ ਨੇ ਸਪੱਸ਼ਟ ਕਿਹਾ ਹੈ ਕਿ ਸਿਰਫ਼ ਜੰਗਬੰਦੀ ਕਾਫ਼ੀ ਨਹੀਂ ਹੈ, ਸਗੋਂ ਸਮੁੰਦਰੀ ਆਵਾਜਾਈ ਨੂੰ ਆਮ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਹੋਰਮੁਜ਼ ਸਟ੍ਰੇਟ ਰਾਹੀਂ ਜਹਾਜ਼ਾਂ ਦੀ ਆਵਾਜਾਈ ਜਲਦੀ ਸ਼ੁਰੂ ਨਹੀਂ ਹੋਈ, ਤਾਂ ਗਲੋਬਲ ਸਪਲਾਈ ਚੇਨ ’ਤੇ ਦਬਾਅ ਹੋਰ ਵਧੇਗਾ ਅਤੇ ਸੰਕਟ ਡੂੰਘਾ ਹੋ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ‘ਸਮਾਂ ਤੇਜ਼ੀ ਨਾਲ ਨਿਕਲ ਰਿਹਾ ਹੈ।’
ਗਰੀਬ ਦੇਸ਼ਾਂ ’ਤੇ ਸਭ ਤੋਂ ਜ਼ਿਆਦਾ ਅਸਰ
ਐੱਫ. ਏ. ਓ. ਮੁਤਾਬਕ ਇਸ ਸੰਕਟ ਦਾ ਸਭ ਤੋਂ ਵੱਧ ਅਸਰ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ’ਤੇ ਪਵੇਗਾ। ਇਨ੍ਹਾਂ ਦੇਸ਼ਾਂ ਦੀ ਖੇਤੀ ਪ੍ਰਣਾਲੀ ਸਮੇਂ ਸਿਰ ਇਨਪੁਟਸ ’ਤੇ ਨਿਰਭਰ ਹੁੰਦੀ ਹੈ ਅਤੇ ਦੇਰੀ ਹੋਣ ’ਤੇ ਉਤਪਾਦਨ ਤੁਰੰਤ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਖੁਰਾਕੀ ਮਹਿੰਗਾਈ, ਭੁੱਖਮਰੀ ਅਤੇ ਆਰਥਿਕ ਅਸਥਿਰਤਾ ਦਾ ਖ਼ਤਰਾ ਤੇਜ਼ੀ ਨਾਲ ਵਧ ਸਕਦਾ ਹੈ।