ਇਰਾਨ ਤੇ ਅਮਰੀਕਾ ਵਿਚਾਲੇ ਜਾਰੀ ਜੰਗ ਕਾਰਨ ਮਿਡਲ ਈਸਟ 'ਚ ਹਾਲਾਤ ਲਗਾਤਾਰ ਤਣਾਅਪੂਰਨ ਬਣੇ ਹੋਏ ਹਨ। ਇਸੇ ਦੌਰਾਨ ਓਮਾਨ ਦੇ ਤੱਟ ਨੇੜੇ ਹੋਰਮੁਜ਼ 'ਚੋਂ ਲੰਘ ਰਹੇ ਇਕ ਵਪਾਰਕ ਜਹਾਜ਼ MT On Peace, ਜਿਸ 'ਤੇ ਪਨਾਮਾ ਦਾ ਝੰਡਾ ਲੱਗਿਆ ਹੋਇਆ ਸੀ, 'ਤੇ ਮਿਜ਼ਾਈਲ ਹਮਲਾ ਕੀਤਾ ਗਿਆ ਹੈ। ਇਸ ਹਮਲੇ 'ਚ ਜਹਾਜ਼ ਸਵਾਰ 11 ਭਾਰਤੀ ਨਾਗਰਿਕਾਂ ਸਮੇਤ ਕੁੱਲ 12 ਕ੍ਰੂ ਮੈਂਬਰ ਜ਼ਖ਼ਮੀ ਹੋ ਗਏ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ ਅਤੇ ਖੇਤਰ 'ਚ ਸ਼ਾਂਤੀ ਲਈ ਅਜਿਹੇ ਹਮਲਿਆਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ
ਵਿਦੇਸ਼ ਮੰਤਰਾਲੇ ਅਨੁਸਾਰ, ਜਹਾਜ਼ 'ਤੇ ਸਵਾਰ ਕੁੱਲ 19 ਕ੍ਰੂ ਮੈਂਬਰਾਂ 'ਚੋਂ 17 ਭਾਰਤੀ ਨਾਗਰਿਕ ਹਨ। ਹਮਲੇ 'ਚ ਜ਼ਖ਼ਮੀ ਹੋਏ 12 ਮੈਂਬਰਾਂ ਵਿੱਚੋਂ 11 ਭਾਰਤੀ ਹਨ। ਓਮਾਨੀ ਅਧਿਕਾਰੀਆਂ ਦੀ ਮਦਦ ਨਾਲ ਜ਼ਖ਼ਮੀ ਕ੍ਰੂ ਮੈਂਬਰਾਂ ਨੂੰ ਜਹਾਜ਼ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਓਮਾਨ ਦੇ 'ਖਾਸਬ' ਵਿਖੇ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ। ਭਾਰਤ ਨੇ ਇਸ ਮਦਦ ਲਈ ਓਮਾਨ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।
ਇਸ ਹਮਲੇ ਦੀ ਨਿੰਦਾ ਕਰਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, "ਖੇਤਰ ਵਿੱਚ ਵਪਾਰਕ ਜਹਾਜ਼ਾਂ ਦੀ ਆਵਾਜਾਈ, ਕ੍ਰੂ ਮੈਂਬਰਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਅੰਤਰਰਾਸ਼ਟਰੀ ਸਮੁੰਦਰੀ ਰਸਤਿਆਂ 'ਚ ਵਪਾਰ ਅਤੇ ਆਵਾਜਾਈ ਦੀ ਸੁਰੱਖਿਆ ਬਹਾਲ ਕੀਤੀ ਜਾਣੀ ਚਾਹੀਦੀ ਹੈ।"
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਇਸ ਖੇਤਰ 'ਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਇਸ ਤੋਂ ਪਹਿਲਾਂ 3 ਅਕਤੂਬਰ ਨੂੰ ਵੀ ਹੋਰਮੁਜ਼ 'ਚ ਕੁਵੈਤ ਦਾ ਝੰਡਾ ਲੱਗੇ ਟੈਂਕਰ 'ਐੱਮ.ਟੀ. ਕਾਜ਼ੀਮਾ III' 'ਤੇ ਹਮਲਾ ਹੋਇਆ ਸੀ, ਜਿੱਥੋਂ ਓਮਾਨੀ ਅਧਿਕਾਰੀਆਂ ਅਤੇ ਭਾਰਤੀ ਦੂਤਾਵਾਸ ਦੇ ਤਾਲਮੇਲ ਨਾਲ 5 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਸੀ। ਫਿਲਾਹਲ ਇਸ ਤਾਜ਼ਾ ਹਮਲੇ ਨੇ ਇਕ ਵਾਰ ਫ਼ਿਰ ਤੋਂ ਹੋਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ।