ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 13 ਤੋਂ 17 ਫਰਵਰੀ ਤੱਕ ਸਥਾਨਕ ਲਾਜਵੰਤੀ ਸਪੋਰਟਸ ਸਟੇਡੀਅਮ ਵਿਖੇ ਆਯੋਜਿਤ ਕੀਤੇ ਜਾ ਰਹੇ ਪੰਜ ਦਿਨਾਂ "ਨੇਚਰ ਫੈਸਟ" ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਫੈਸਟੀਵਲ ਦਾ ਉਦੇਸ਼ ਜ਼ਿਲ੍ਹੇ ਦੀ ਅਮੀਰ ਕੁਦਰਤੀ ਵਿਰਾਸਤ, ਸੈਰ-ਸਪਾਟਾ ਸਥਾਨਾਂ, ਸੱਭਿਆਚਾਰਕ ਵਿਰਾਸਤ ਅਤੇ ਵਾਤਾਵਰਣ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨੇਚਰ ਫੈਸਟ ਜਨਤਾ ਨੂੰ ਜ਼ਿਲ੍ਹੇ ਦੇ ਕੁਦਰਤੀ ਸਰੋਤਾਂ ਤੋਂ ਜਾਣੂ ਕਰਵਾਏਗਾ ਅਤੇ ਸੈਰ-ਸਪਾਟਾ ਗਤੀਵਿਧੀਆਂ ਨੂੰ ਉਤਸ਼ਾਹਿਤ ਕਰੇਗਾ।
ਉਨ੍ਹਾਂ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਕਈ ਆਕਰਸ਼ਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਪੰਜਾਬ ਦਾ ਲੋਕ ਸੱਭਿਆਚਾਰ, ਰਵਾਇਤੀ ਨਾਚ, ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰਦਰਸ਼ਨ, ਦਸਤਕਾਰੀ ਪ੍ਰਦਰਸ਼ਨੀਆਂ, ਸਵੈ-ਸਹਾਇਤਾ ਸਮੂਹਾਂ ਵੱਲੋਂ ਬਣਾਏ ਗਏ ਉਤਪਾਦਾਂ ਦੀ ਪ੍ਰਦਰਸ਼ਨੀ, ਭੋਜਨ ਬਾਜ਼ਾਰ, ਕਿਸਾਨ ਬਾਜ਼ਾਰ, ਪਤੰਗ ਉਡਾਉਣ, ਸੰਗੀਤਕ ਸ਼ਾਮਾਂ ਅਤੇ ਹਾਟ ਏਅਰ ਬੈਲੁਨਿੰਗ ਸ਼ਾਮਲ ਹਨ।