ਮੁੰਬਈ : ਆਪਣੇ ਸ਼ਾਨਦਾਰ ਫ਼ਿਲਮੀ ਕਰੀਅਰ ਵਿਚ ਕਈ ‘ਅਲਫ਼ਾ’ ਕਿਰਦਾਰ ਨਿਭਾਅ ਚੁੱਕੇ ਅਨਿਲ ਕਪੂਰ ਇਸ ਗੱਲ ਤੋਂ ਬੇਹੱਦ ਖ਼ੁਸ਼ ਹਨ ਕਿ ਬਾਲੀਵੁੱਡ ਨੇ ਆਖ਼ਰਕਾਰ ‘ਅਲਫ਼ਾ’ ਵਰਗੀ ਇਕ ਮਜ਼ੇਦਾਰ, ਪੌਪਕੌਰਨ ਐਕਸ਼ਨ ਐਂਟਰਟੇਨਰ ਬਣਾਈ ਹੈ, ਜਿਸ ਵਿਚ ਆਲੀਆ ਭੱਟ ਤੇ ਸ਼ਰਵਰੀ ਵਰਗੀਆਂ ਦੋ ਅਭਿਨੇਤਰੀਆਂ ਨੂੰ ਉਸ ਐਕਸ਼ਨ ਜੌਨਰ ਦੇ ਕੇਂਦਰ ਵਿਚ ਰੱਖਿਆ ਗਿਆ ਹੈ, ਜਿਸ ਨੂੰ ਹੁਣ ਤੱਕ ਮੁੱਖ ਤੌਰ ’ਤੇ ਮਰਦ ਨਾਇਕਾਂ ਦਾ ਖੇਤਰ ਮੰਨਿਆ ਜਾਂਦਾ ਰਿਹਾ ਹੈ।
‘ਅਲਫ਼ਾ’ ਵਿਚ ਅਨਿਲ ਕਪੂਰ ਦੇ ਕਿਰਦਾਰ ਨੂੰ ਫਿਲਹਾਲ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ ਤਾਂ ਜੋ ਫ਼ਿਲਮ ਦੀ ਕਹਾਣੀ ਦੇ ਭੇਤ ਸੁਰੱਖਿਅਤ ਰਹਿ ਸਕਣ। ਅਨਿਲ ਕਹਿੰਦੇ ਹਨ,‘‘ਲੰਮੇ ਸਮੇਂ ਤੱਕ ਅਸੀਂ ਸਿਨੇਮਾ ਨੂੰ ਕੁਝ ਤੈਅਸ਼ੁਦਾ ਲੇਬਲਾਂ ਦੇ ਜ਼ਰੀਏ ਦੇਖਿਆ ਹੈ–ਮੇਲ ਲੀਡ, ਫੀਮੇਲ ਲੀਡ, ਹੀਰੋ ਤੇ ਹੀਰੋਇਨ ਪਰ ਹੁਣ ਦਰਸ਼ਕ ਬਦਲ ਚੁੱਕੇ ਹਨ ਅਤੇ ਕਹਾਣੀ ਸੁਣਾਉਣ ਦਾ ਤਰੀਕਾ ਵੀ ਵਿਕਸਿਤ ਹੋਇਆ ਹੈ। ‘ਅਲਫ਼ਾ’ ਹੋਣਾ ਕਦੇ ਵੀ ਜੈਂਡਰ ਬਾਰੇ ਨਹੀਂ ਰਿਹਾ। ਇਹ ਮੌਜੂਦਗੀ, ਦ੍ਰਿੜ੍ਹ ਵਿਸ਼ਵਾਸ, ਹਿੰਮਤ ਅਤੇ ਕਹਾਣੀ ਨੂੰ ਅੱਗੇ ਵਧਾਉਣ ਦੀ ਸਮਰੱਥਾ ਬਾਰੇ ਹੈ। ਹੁਣ ਦਰਸ਼ਕ ਵੀ ਇਸੇ ਚੀਜ਼ ਨਾਲ ਜੁੜਦੇ ਹਨ, ਮੇਨ ਕਰੈਕਟਰ ਐਨਰਜੀ ਨਾਲ, ਕਿਸੇ ਸ਼੍ਰੇਣੀ ਜਾਂ ਲੇਬਲ ਨਾਲ ਨਹੀਂ।’’