ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੇ ਅੰਤਿਮ ਸੰਸਕਾਰ ਪ੍ਰੋਗਰਾਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਦੁਨੀਆ ਭਰ ਦੇ ਪ੍ਰਤੀਨਿਧੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਈਰਾਨ ਪਹੁੰਚ ਰਹੇ ਹਨ। ਭਾਰਤ ਤੋਂ ਇੱਕ ਵਿਸ਼ੇਸ਼ ਵਫ਼ਦ ਤੇਹਰਾਨ ਪਹੁੰਚਿਆ ਹੈ, ਜਿਸ ਵਿੱਚ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਧਰਮਾਂ ਦੇ ਆਗੂ ਸ਼ਾਮਲ ਹਨ। ਈਰਾਨੀ ਦੂਤਾਵਾਸ ਵੱਲੋਂ ਜਾਰੀ ਤਸਵੀਰਾਂ ਵਿੱਚ ਪਗੜੀਧਾਰੀ ਸਿੱਖ ਧਰਮ ਗੁਰੂ ਅਤੇ ਕੇਸਰੀ ਪਹਿਰਾਵੇ ਵਾਲੇ ਹਿੰਦੂ ਗੁਰੂ ਖਮੇਨੀ ਨੂੰ ਖ਼ਿਰਾਜ-ਏ-ਅਕੀਦਤ ਮਤਲਬ ਸ਼ਰਧਾਂਜਲੀ ਦਿੰਦੇ ਨਜ਼ਰ ਆਏ ਹਨ।
ਇਸ ਮੌਕੇ ਭਗਵਾ ਕੱਪੜੇ ਪਹਿਨੇ ਇਕ ਭਾਰਤੀ ਸੰਤ ਵੀ ਨਜ਼ਰ ਆਏ। ਇਹ ਸੰਤ ਸਵਾਮੀ ਸਾਰੰਗ ਮੋਹਿਲੇ ਹਨ ਅਤੇ ਲੋਕ ਉਨ੍ਹਾਂ ਨੂੰ ਸਵਾਮੀ ਸਾਰੰਗ ਵੀ ਕਹਿੰਦੇ ਹਨ।ਧਾਰਮਿਕ ਆਗੂਆਂ ਦੇ ਨਾਲ-ਨਾਲ ਭਾਰਤੀ ਰਾਜਨੀਤਿਕ ਹਲਕਿਆਂ ਤੋਂ ਵੀ ਵੱਡੀਆਂ ਸ਼ਖਸੀਅਤਾਂ ਤੇਹਰਾਨ ਪਹੁੰਚੀਆਂ ਹਨ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਵੀ ਸੁਪਰੀਮ ਲੀਡਰ ਨੂੰ ਸ਼ਰਧਾਂਜਲੀ ਦਿੱਤੀ। ਮਹਿਬੂਬਾ ਮੁਫਤੀ ਇਸ ਮੌਕੇ ਕਾਫ਼ੀ ਭਾਵੁਕ ਨਜ਼ਰ ਆਈ ਅਤੇ ਉਨ੍ਹਾਂ ਨੇ ਖਮੇਨੀ ਨੂੰ ਲਹਿਰਾਂ ਦੇ ਖਿਲਾਫ ਲੜਨ ਵਾਲਾ ਮਸੀਹਾ ਕਰਾਰ ਦਿੱਤਾ।
ਈਰਾਨ ਨੇ ਅੰਤਿਮ ਸੰਸਕਾਰ ਪ੍ਰੋਗਰਾਮ ਦੀ ਸ਼ੁਰੂਆਤ ਲਈ 4 ਜੁਲਾਈ ਦਾ ਦਿਨ ਚੁਣਿਆ ਹੈ, ਜੋ ਕਿ ਅਮਰੀਕਾ ਦਾ ਆਜ਼ਾਦੀ ਦਿਹਾੜਾ ਹੈ। ਮਾਹਿਰ ਇਸ ਨੂੰ ਅਮਰੀਕਾ ਲਈ ਇੱਕ ਸਖ਼ਤ ਸੰਕੇਤ ਵਜੋਂ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਅਯਾਤੁੱਲਾ ਅਲੀ ਖਮੇਨੀ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਦੇ ਹਮਲੇ ਦੌਰਾਨ ਮਾਰੇ ਗਏ ਸਨ ਅਤੇ ਹੁਣ ਚਾਰ ਮਹੀਨਿਆਂ ਬਾਅਦ ਉਨ੍ਹਾਂ ਦੀ ਅੰਤਿਮ ਵਿਦਾਇਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
2 ਕਰੋੜ ਲੋਕਾਂ ਦੇ ਜੁੜਨ ਦੀ ਉਮੀਦ
ਇਹ ਅੰਤਿਮ ਸੰਸਕਾਰ ਪ੍ਰੋਗਰਾਮ 4 ਜੁਲਾਈ ਤੋਂ 9 ਜੁਲਾਈ ਤੱਕ ਚੱਲੇਗਾ। 4 ਤੋਂ 6 ਜੁਲਾਈ ਤੱਕ ਤੇਹਰਾਨ ਦੇ ਗ੍ਰੈਂਡ ਮੋਸਾਲਾ ਵਿੱਚ ਮ੍ਰਿਤਕ ਦੇਹ ਦਰਸ਼ਨਾਂ ਲਈ ਰੱਖੀ ਜਾਵੇਗੀ। 6 ਜੁਲਾਈ ਨੂੰ ਤੇਹਰਾਨ ਦੀਆਂ ਸੜਕਾਂ 'ਤੇ ਵਿਸ਼ਾਲ ਜਲੂਸ ਕੱਢਿਆ ਜਾਵੇਗਾ। 7-8 ਜੁਲਾਈ ਨੂੰ ਜਲੂਸ ਪਵਿੱਤਰ ਸ਼ਹਿਰ ਕੋਮ ਅਤੇ ਫਿਰ ਇਰਾਕ ਦੇ ਨਜਫ਼ ਤੇ ਕਰਬਲਾ ਜਾਵੇਗਾ। 9 ਜੁਲਾਈ ਨੂੰ ਖਮੇਨੀ ਨੂੰ ਉਨ੍ਹਾਂ ਦੇ ਗ੍ਰਹਿ ਨਗਰ ਮਸ਼ਹਦ ਵਿੱਚ ਇਮਾਮ ਰਜ਼ਾ ਦੀ ਦਰਗਾਹ ਵਿਖੇ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਰਿਪੋਰਟਾਂ ਅਨੁਸਾਰ ਇਸ 6 ਦਿਨਾਂ ਪ੍ਰੋਗਰਾਮ ਵਿੱਚ 1.5 ਤੋਂ 2 ਕਰੋੜ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਪੂਰੇ ਈਰਾਨ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਈਰਾਨ ਨੇ ਆਪਣੇ ਸੁਪਰੀਮ ਲੀਡਰ ਦੇ ਤਾਬੂਤ 'ਤੇ ਲਾਲ ਝੰਡਾ ਰੱਖ ਕੇ ਦੁਨੀਆ ਨੂੰ ਖਾਸ ਸੰਦੇਸ਼ ਦਿੱਤਾ ਹੈ।