ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਸੂਬਾ ਸਰਕਾਰਾਂ ਨੂੰ ਆਉਣ ਵਾਲੀ ਹਾੜੀ ਦੀ ਫਸਲ ਦੇ ਸੀਜ਼ਨ ਲ ਈ ਵਿਗਿਆਨਕ ਤਰੀਕੇ ਨਾਲ ਯੋਜਨਾ ਬਣਾਉਣ ਲਈ ਕਿਹਾ। ਚੌਹਾਨ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਹਾਲ 'ਚ ਖਤਮ ਹੋਏ ਸਾਉਣੀ ਦੇ ਸੀਜ਼ ਦੌਰਾਨ ਕੁਝ ਖੇਤਰਾਂ 'ਚ ਸੋਕੇ ਅਤੇ ਪਾਣੀ ਦੀ ਕਮੀ ਦੀ ਸਥਿਤੀ ਨੂੰ ਦੇਖਦੇ ਹੋਏ ਹਾੜੀ ਦੀ ਫਸਲ ਦੀ ਤਿਆਰੀ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਸ਼ਿਵਰਾਜ ਚੌਹਾਨ ਨੇ ਕਿਹਾ ਕਿ ਕੇਂਦਰ ਸਰਕਾਰ ਕਰਨਾਟਕ ਅਤੇ ਮਹਾਰਾਸ਼ਟਰ 'ਚ ਸੋਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਦਲ ਭੇਜੇਗੀ। ਚੌਹਾਨ ਨੇ ਆਉਣ ਵਾਲੀ ਹਾੜੀ ਦੀ ਫਸਲ ਦੀਆਂ ਤਿਆਰੀਆਂ 'ਤੇ ਆਯੋਜਿਤ 2 ਦਿਨਾ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਸਪੱਸ਼ਟ ਰੂਪ ਨਾਲ ਦਿਖਾਈ ਦੇ ਰਹੇ ਹਨ ਅਤੇ ਸਾਉਣੀ ਦੀਆਂ ਫਸਲਾਂ 'ਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ।
ਉਨ੍ਹਾਂ ਕਿਹਾ,''ਅਸੀਂ ਸੋਕੇ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਤਿੰਨ ਅਕਤੂਬਰ ਨੂੰ ਕਰਨਾਟਕ 'ਚ ਇਕ ਕੇਂਦਰੀ ਟੀਮ ਭੇਜਾਂਗੇ। ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਵੀ ਗੱਲ ਕੀਤੀ ਹੈ, ਜੋ ਇਸ ਨੂੰ ਲੈ ਕੇ ਚਿੰਤਤ ਹੈ। ਅਸੀਂ ਉੱਥੇ ਵੀ ਇਕ ਕੇਂਦਰੀ ਟੀਮ ਭੇਜਾਂਗੇ। ਮੈਂ ਇਸ ਸੰਕਟ ਦਾ ਸਾਹਮਣਾ ਕਰ ਰਹੇ ਸੂਬਿਆਂ ਦਾ ਆਪਣੀ ਟੀਮ ਨਾਲ ਨਿੱਜੀ ਤੌਰ 'ਤੇ ਦੌਰਾ ਕਰਾਂਗਾ।'' ਮੰਤਰੀ ਨੇ ਕਿਹਾ ਕਿ ਕਰਨਾਟਕ ਨੇ ਆਪਣੇ ਇੱਥੇ ਸੋਕਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਮਹਾਰਾਸ਼ਟਰ ਨੇ ਰਾਜ ਦੇ ਲਗਭਗ ਦੋ-ਤਿਹਾਈ ਹਿੱਸੇ ਨੂੰ ਸੋਕਾ ਪੀੜਤ ਐਲਾਨ ਕੀਤਾ ਹੈ। ਚੌਹਾਨ ਨੇ ਰਾਜ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੰਬੰਧਤ ਖੇਤਰਾਂ 'ਚ ਪਾਣੀ ਦੀ ਉਪਲੱਬਧਤਾ ਅਤੇ ਮਿੱਟੀ 'ਚ ਨਮੀ ਦਾ ਮੁਲਾਂਕਣ ਕਰ ਕੇ ਹਾੜੀ ਦੀ ਵਿਗਿਆਨਕ ਯੋਜਨਾ ਬਣਾਉਣ ਅਤੇ ਸਿੰਚਾਈ ਦੇ ਪਾਣੀ ਦੀ ਪਹਿਲਾਂ ਤੋਂ ਵਿਵਸਥਾ ਕਰਨ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ 'ਤੇ ਸੋਕੇ ਦਾ ਸੰਕਟ ਮੰਡਰਾ ਰਿਹਾ ਹੈ। ਚੌਹਾਨ ਨੇ ਮਹਾਰਾਸ਼ਟਰ ਅਤੇ ਕਰਨਾਟਕ ਸਮੇਤ ਰਾਜ ਦੇ ਅਧਿਕਾਰੀਆਂ ਨੂੰ ਇਨ੍ਹਂ ਖੇਤਰਾਂ 'ਚ ਸਾਉਣੀ ਦੀ ਫਸਲ ਨੂੰ ਪਹੁੰਚੇ ਨੁਕਸਾਨ ਅਤੇ ਜ਼ੋਖਮ ਨਾਲ ਨਜਿੱਠਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਸੂਬਿਆਂ ਨਾਲ 'ਮਜ਼ਬੂਤੀ ਨਾਲ ਖੜ੍ਹੀ' ਹੈ। ਚੌਹਾਨ ਨੇ ਕਿਹਾ,''ਕੁਝ ਥਾਵਾਂ 'ਤੇ ਫਸਲਾਂ 'ਤੇ ਅਸਰ ਜ਼ਰੂਰ ਪਿਆ ਹੈ, ਹਾਲਾਂਕਿ ਪੂਰੀ ਤਰ੍ਹਾਂ ਫਸਲ ਬਰਬਾਦ ਨਹੀਂ ਹੋਈ ਹੈ। ਕਈ ਥਾਵਾਂ 'ਤੇ ਫਸਲ ਬਹੁਤ ਚੰਗੀ ਹੈ ਪਰ ਕੁਝ ਖੇਤਰਾਂ 'ਚ ਸੋਕੇ ਅਤੇ ਪਾਣੀ ਦੀ ਕਮੀ ਦਾ ਖਤਰਾ ਬਣਿਆ ਹੋਇਆ ਹੈ।''
ਉਨ੍ਹਾਂ ਨੇ ਬਦਲਦੀ ਮੌਸਮੀ ਸਥਿਤੀਆਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸਾਲ 'ਚ ਇਸ ਸਮੇਂ ਆਮ ਤੌਰ 'ਤੇ ਤੇਜ਼ ਗਰਮੀ ਹੁੰਦੀ ਹੈ ਪਰ ਅਸਾਧਾਰਨ ਤੌਰ 'ਤੇ ਠੰਡ ਹੁਣ ਤੋਂ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਕ ਦਿਨ ਪਹਿਲੇ ਉੱਤਰ ਪ੍ਰਦੇਸ਼ ਤੋਂ ਜ਼ਿਆਦਾ ਬਾਰਿਸ਼ ਕਾਰਨ ਮੌਤਾਂ ਦੀਆਂ ਖ਼ਬਰਾਂ ਆਈਆਂ। ਚੌਹਾਨ ਨੇ ਕਿਹਾ ਕਿ ਅਲ ਨੀਨੋ ਦੇ ਪ੍ਰਭਾਵ ਨੂੰ ਲੈ ਕੇ ਚਿੰਤਾਵਾਂ ਸਨ ਪਰ ਉਨ੍ਹਾਂ ਨੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਦੌਰਾਨ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਟੀਮਾਂ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,''ਸਾਨੂੰ ਇਸ ਚੁਣੌਤੀ ਨਾਲ ਮਿਲ ਕੇ ਨਜਿੱਠਣਾ ਹੋਵੇਗਾ ਅਤੇ ਨਾਲ ਹੀ ਹਾੜੀ ਦੀਆਂ ਫਸਲਾਂ ਦੀ ਬਿਜਾਈ ਨੂੰ ਲੈ ਕੇ ਵੀ ਤਿਆਰੀ ਕਰਨੀ ਹੋਵੇਗੀ।''