ਵਾਰਾਣਸੀ : ਭਾਰਤੀ ਹਵਾਈ ਫ਼ੌਜ (ਆਈਏਐੱਫ) ਦਾ ਏਅਰ ਸ਼ੋਅ 'ਵਿੰਗਜ਼ ਓਵਰ ਗੰਗਾ' ਵੀਰਵਾਰ ਨੂੰ ਨਮੋ ਘਾਟ ਵਿਖੇ ਸ਼ੁਰੂ ਹੋਇਆ। ਇਸ 'ਚ ਰਾਫੇਲ, ਸੁਖੋਈ-30 ਐੱਮਕੇਆਈ ਅਤੇ ਤੇਜਸ ਸਮੇਤ ਲੜਾਕੂ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੇ ਗੰਗਾ ਦੇ ਉੱਪਰ ਹਵਾਈ ਕਰਤੱਬ ਦਿਖਾਏ। ਹਵਾਈ ਫ਼ੌਜ ਦੀ ਸੇਵਾ ਦੇ 94 ਸਾਲ ਪੂਰੇ ਹੋਣ ਮੌਕੇ ਆਯੋਜਿਤ ਇਸ ਪ੍ਰੋਗਰਾਮ ਨੂੰ ਦੇਖਣ ਲਈ ਘਾਟਾਂ 'ਤੇ ਵੱਡੀ ਗਿਣਤੀ 'ਚ ਲੋਕ ਜੁਟੇ।
ਅਧਿਕਾਰੀਆਂ ਦੇ ਅਨੁਸਾਰ, ਏਅਰ ਸ਼ੋਅ 'ਚ ਦੇਸ਼ ਦੇ 12 ਏਅਰਬੇਸ ਤੋਂ ਆਏ ਕੁੱਲ 100 ਜਹਾਜ਼ ਹਿੱਸਾ ਲੈ ਰਹੇ ਹਨ। ਇਨ੍ਹਾਂ 'ਚ 52 ਲੜਾਕੂ ਜਹਾਜ਼, 15 ਟਰਾਂਸਪੋਰਟ ਜਹਾਜ਼, 32 ਹੈਲੀਕਾਪਟਰ ਅਤੇ ਇਕ ਵਿਰਾਸਤੀ ਜਹਾਜ਼ ਸ਼ਾਮਲ ਹਨ। ਸੂਰਿਆ ਕਿਰਨ ਐਰੋਬੈਟਿਕ ਟੀਮ, ਸਾਰੰਗ ਹੈਲੀਕਾਪਟਰ ਡਿਸਪਲੇਅ ਟੀਮ ਅਤੇ ਹਵਾਈ ਫ਼ੌਜ ਦੇ ਗਰੁੜ ਕਮਾਂਡੋ ਵੀ ਇਸ ਪ੍ਰੋਗਰਾਮ ਦਾ ਹਿੱਸਾ ਹਨ। 'ਕਾਸ਼ੀ ਫਾਰਮੇਸ਼ਨ' 'ਚ ਤਿੰਨ ਕਿਰਨ ਜਹਾਜ਼ 'V' ਆਕਾਰ 'ਚ ਉੱਡ ਰਹੇ ਸਨ, ਜੋ ਰਾਸ਼ਟਰੀ ਝੰਡੇ ਦੇ ਰੰਗਾਂ ਨੂੰ ਪ੍ਰਦਰਸ਼ਿਤ ਕਰਦੇ ਸਨ, ਜਦੋਂ ਕਿ 'ਓਂਕਾਰ ਫਾਰਮੇਸ਼ਨ' 'ਚ Mi-17 ਹੈਲੀਕਾਪਟਰਾਂ ਨੇ ਤਿਰੰਕਾ ਲੈ ਕੇ ਉਡਾਣ ਭਰੀ। 'ਤ੍ਰਿਦੇਵ ਫਾਰਮੇਸ਼ਨ' 'ਚ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਹੈਲੀਕਾਪਟਰ ਨੇ ਇਕੱਠੇ ਉਡਾਣ ਭਰੀ।
ਇਹ ਪ੍ਰਦਰਸ਼ਨੀ ਵੀਰਵਾਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਈ ਅਤੇ ਦੁਪਹਿਰ 2 ਵਜੇ ਸਮਾਪਤ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 25 ਅਕਤੂਬਰ ਨੂੰ ਇਸ ਸਮਾਗਮ 'ਚ ਸ਼ਾਮਲ ਹੋਣਗੇ। ਇਹ ਹਵਾਈ ਸ਼ੋਅ 22, 24 ਅਤੇ 25 ਅਕਤੂਬਰ ਨੂੰ ਹੋ ਰਿਹਾ ਹੈ। ਵਿਧਾਨ ਪ੍ਰੀਸ਼ਦ ਚੋਣਾਂ ਕਾਰਨ 23 ਅਕਤੂਬਰ ਨੂੰ ਕੋਈ ਪ੍ਰਦਰਸ਼ਨੀ ਨਹੀਂ ਹੋਵੇਗੀ। ਪੁਲਸ ਨੇ ਸੁਰੱਖਿਆ ਅਤੇ ਭੀੜ ਪ੍ਰਬੰਧਨ ਲਈ ਸ਼ਹਿਰ ਨੂੰ 32 ਜ਼ੋਨਾਂ, 50 ਸੈਕਟਰਾਂ ਅਤੇ 80 ਉਪ-ਸੈਕਟਰਾਂ 'ਚ ਵੰਡਿਆ ਹੈ।
ਇਸ ਸਮਾਗਮ ਲਈ ਲਗਭਗ 11,900 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਨ੍ਹਾਂ 'ਚ ਪੁਲਸ ਤੋਂ ਇਲਾਵਾ ਪੀਏਸੀ, ਰੈਪਿਡ ਐਕਸ਼ਨ ਫੋਰਸ, ਰਾਸ਼ਟਰੀ ਅਤੇ ਰਾਜ ਆਫ਼ਤ ਪ੍ਰਤੀਕਿਰਿਆ ਬਲ, ਅੱਤਵਾਦ ਵਿਰੋਧੀ ਦਸਤੇ, ਜਲ ਪੁਲਸ ਅਤੇ ਟ੍ਰੈਫਿਕ ਪੁਲਸ ਦੇ ਜਵਾਨ ਸ਼ਾਮਲ ਹਨ। ਏਅਰ ਸ਼ੋਅ ਦੇਖਣ ਆਏ ਵਕੀਲ ਚੰਦਰਕਾਂਤ ਸਿੰਘ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਵਾਰਾਣਸੀ 'ਚ ਅਜਿਹਾ ਪ੍ਰੋਗਰਾਮ ਪਹਿਲੀ ਵਾਰ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਨੂੰ ਹਵਾਈ ਫ਼ੌਜ ਦੇ ਆਧੁਨਿਕੀਕਰਨ ਅਤੇ ਤਾਕਤ ਦਾ ਪ੍ਰਦਰਸ਼ਨ ਦੱਸਿਆ। ਦਰਸ਼ਕ ਸੌਰਭ ਜਾਇਸਵਾਲ ਨੇ ਕਿਹਾ ਕਿ ਰਾਫੇਲ ਅਤੇ ਤੇਜਸ ਜਹਾਜ਼ਾਂ ਦੇ ਹਵਾਈ ਕਰਤੱਬ ਦੇਖ ਕੇ ਉਨ੍ਹਾਂ ਨੂੰ ਭਾਰਤ ਦੀ ਫੌਜੀ ਸਮਰੱਥਾਵਾਂ 'ਤੇ ਮਾਣ ਹੋਇਆ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ 'ਚ ਦੇਸ਼ ਭਗਤੀ ਪੈਦਾ ਕਰਦੇ ਹਨ ਅਤੇ ਹਥਿਆਰਬੰਦ ਫ਼ੋਰਸਾਂ ਪ੍ਰਤੀ ਸਤਿਕਾਰ ਵਧਾਉਂਦੇ ਹਨ।