ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿਖੇ ਆਯੋਜਿਤ ਇੱਕ ਰਾਜ ਪੱਧਰੀ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਾਮਨਵੈਲਥ ਗੇਮਜ਼ 2026 ਦੇ ਮੈਡਲ ਜੇਤੂਆਂ ਨੂੰ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਹਰਿਆਣਾ ਦੇ ਉਹ ਖੇਡ ਸਿਤਾਰੇ ਬੈਠੇ ਹਨ ਜਿਨ੍ਹਾਂ ਨੇ ਗਲਾਸਗੋ ਵਿੱਚ ਆਪਣੇ ਦਮਖ਼ਮ ਅਤੇ ਪ੍ਰਤਿਭਾ ਦਾ ਡੰਕਾ ਪੂਰੀ ਦੁਨੀਆ ਵਿੱਚ ਵਜਾਇਆ ਹੈ, ਜਿਸ ਨਾਲ ਹਰ ਹਰਿਆਣਵੀ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਮਿੱਟੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇੱਥੇ ਖੇਤਾਂ ਵਿੱਚ ਸਿਰਫ਼ ਅੰਨ ਨਹੀਂ ਉੱਗਦਾ, ਸਗੋਂ ਚੈਂਪੀਅਨ ਵੀ ਪੈਦਾ ਹੁੰਦੇ ਹਨ। ਮੁੱਖ ਮੰਤਰੀ ਨੇ ਖਿਡਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਓਲੰਪਿਕ ਖੇਡਾਂ ਵਿੱਚ ਵੀ ਅਜਿਹੇ ਖਿਡਾਰੀਆਂ ਦੇ ਬਲਬੂਤੇ ਭਾਰਤ ਇੱਕ ਵੱਡੀ ਖੇਡ ਸ਼ਕਤੀ ਵਜੋਂ ਉਭਰੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ 23ਵੀਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਨੇ 13 ਸੋਨੇ (ਗੋਲਡ), 17 ਚਾਂਦੀ (ਸਿਲਵਰ) ਅਤੇ 9 ਕਾਂਸੀ (ਬ੍ਰੌਂਜ) ਦੇ ਤਗਮਿਆਂ ਸਮੇਤ ਕੁੱਲ 39 ਮੈਡਲ ਜਿੱਤ ਕੇ ਚੌਥਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ 122 ਭਾਰਤੀ ਖਿਡਾਰੀਆਂ ਵਿੱਚੋਂ 24 ਖਿਡਾਰੀ ਹਰਿਆਣਾ ਦੇ ਸਨ, ਜਿਨ੍ਹਾਂ ਨੇ ਕੁੱਲ 11 ਮੈਡਲ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਮਾਰੋਹ ਦੌਰਾਨ 24 ਖਿਡਾਰੀਆਂ ਨੂੰ ਕੁੱਲ 13 ਕਰੋੜ 97 ਲੱਖ 50 ਹਜ਼ਾਰ ਰੁਪਏ ਦੀ ਨਕਦ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਸਿਰਫ਼ ਮੈਡਲ ਤੱਕ ਹੀ ਸੀਮਤ ਨਹੀਂ ਹਨ, ਸਗੋਂ ਉਹ ਖਿਡਾਰੀਆਂ ਨੂੰ ਸਨਮਾਨ, ਸੁਰੱਖਿਆ ਅਤੇ ਸਰਕਾਰੀ ਨੌਕਰੀਆਂ ਸਮੇਤ ਅੱਗੇ ਵਧਣ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹਨ ਤਾਂ ਜੋ ਖੇਡ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਭਵਿੱਖ ਦੀ ਕੋਈ ਚਿੰਤਾ ਨਾ ਰਹੇ।
ਸੂਬੇ ਵਿੱਚ ਖੇਡਾਂ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਲਗਭਗ 12 ਸਾਲਾਂ ਵਿੱਚ ਹਰਿਆਣਾ ਸਰਕਾਰ ਨੇ ਖੇਡ ਇਨਫਰਾਸਟਰਕਚਰ 'ਤੇ ਲਗਭਗ 1100 ਕਰੋੜ ਰੁਪਏ ਖ਼ਰਚ ਕੀਤੇ ਹਨ ਅਤੇ 17,544 ਖਿਡਾਰੀਆਂ ਨੂੰ 742 ਕਰੋੜ ਰੁਪਏ ਦੀ ਨਕਦ ਰਾਸ਼ੀ ਵੰਡੀ ਹੈ। ਇਸ ਤੋਂ ਇਲਾਵਾ, ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ 8 ਤੋਂ 14 ਸਾਲ ਦੇ ਖਿਡਾਰੀਆਂ ਨੂੰ 1500 ਰੁਪਏ ਅਤੇ 15 ਤੋਂ 19 ਸਾਲ ਦੇ ਖਿਡਾਰੀਆਂ ਨੂੰ 2000 ਰੁਪਏ ਮਹੀਨਾਵਾਰ ਵਜ਼ੀਫ਼ਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਖਿਡਾਰੀਆਂ ਦੀ ਸਿਖਲਾਈ ਲਈ ਤਾਊ ਦੇਵੀ ਲਾਲ ਖੇਡ ਕੰਪਲੈਕਸ ਵਿਖੇ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਉੱਨਤ ਰਾਸ਼ਟਰੀ ਪੱਧਰ ਦਾ ਵਿਗਿਆਨਕ ਸਿਖਲਾਈ ਅਤੇ ਮੁੜ-ਵਸੇਬਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਭਾਰਤ ਨੂੰ ਸਾਲ 2030 ਦੀਆਂ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਮਿਲੀ ਹੈ, ਆਉਣ ਵਾਲੇ ਸਮੇਂ ਵਿੱਚ ਖਿਡਾਰੀ ਓਲੰਪਿਕ ਦੇ ਪੋਡੀਅਮ 'ਤੇ ਵੀ ਤਿਰੰਗਾ ਲਹਿਰਾਉਣਗੇ।