ਭਾਰਤ ’ਚ ਸੋਨੇ ਦੀ ਖ਼ਰੀਦਦਾਰੀ ਦੀ ਰਫ਼ਤਾਰ ਅਪ੍ਰੈਲ-ਜੂਨ 2026 ਤਿਮਾਹੀ ’ਚ ਮੱਠੀ ਪੈ ਗਈ ਹੈ। ਵਰਲਡ ਗੋਲਡ ਕੌਂਸਲ (ਡਬਲਿਊ. ਜੀ. ਸੀ.) ਦੀ ਤਾਜ਼ਾ ਰਿਪੋਰਟ ਮੁਤਾਬਕ ਇਸ ਦੌਰਾਨ ਦੇਸ਼ ’ਚ ਗੋਲਡ ਦੀ ਕੁੱਲ ਮੰਗ ਸਾਲਾਨਾ ਆਧਾਰ ’ਤੇ 6 ਫ਼ੀਸਦੀ ਘਟ ਕੇ 131.4 ਟਨ ਰਹਿ ਗਈ। ਪਿਛਲੇ ਸਾਲ ਇਸੇ ਮਿਆਦ ’ਚ ਇਹ 139.7 ਟਨ ਸੀ। ਸੋਨੇ ਦੀਆਂ ਲਗਾਤਾਰ ਵਧਦੀਆਂ ਕੀਮਤਾਂ, ਕਸਟਮ ਡਿਊਟੀ ’ਚ ਵਾਧਾ ਅਤੇ ਆਫ਼-ਸੀਜ਼ਨ ਕਾਰਨ ਲੋਕਾਂ ਨੇ ਖ਼ਰੀਦਦਾਰੀ ਤੋਂ ਦੂਰੀ ਬਣਾਈ।
ਰਿਪੋਰਟ ਅਨੁਸਾਰ ਅਪ੍ਰੈਲ ਤੋਂ ਜੂਨ ਦਰਮਿਆਨ ਸੋਨੇ ਦੇ ਭਾਅ ਰਿਕਾਰਡ ਉੱਚਾਈ ’ਤੇ ਰਹੇ। ਇਸੇ ਕਾਰਨ ਆਮ ਗਾਹਕਾਂ ਨੇ ਨਵੀਂ ਖ਼ਰੀਦਦਾਰੀ ਨੂੰ ਟਾਲਣਾ ਬਿਹਤਰ ਸਮਝਿਆ। ਇਸ ਤੋਂ ਇਲਾਵਾ ਕਸਟਮ ਡਿਊਟੀ ਵਧਣ ਨਾਲ ਸੋਨਾ ਹੋਰ ਮਹਿੰਗਾ ਹੋ ਗਿਆ। ਇਹੀ ਕਾਰਨ ਰਿਹਾ ਕਿ ਜਿਊਲਰੀ ਦੀ ਮੰਗ ’ਚ ਸਭ ਤੋਂ ਵੱਧ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਖ਼ਰੀਦਦਾਰੀ ਦੀ ਮਾਤਰਾ ਘੱਟ ਹੋਣ ਦੇ ਬਾਵਜੂਦ ਸੋਨੇ ਦੀ ਕੁੱਲ ਵੈਲਿਊ ਰਿਕਾਰਡ ਪੱਧਰ ’ਤੇ ਪਹੁੰਚ ਗਈ।
ਇਸ ਦੌਰਾਨ ਲੋਕਾਂ ਨੇ ਕਰੀਬ 1.98 ਲੱਖ ਕਰੋੜ ਰੁਪਏ ਦਾ ਸੋਨਾ ਖ਼ਰੀਦਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਕਰੀਬ 50 ਫ਼ੀਸਦੀ ਵੱਧ ਹੈ। ਇਸ ਦਾ ਮਤਲਬ ਹੈ ਕਿ ਘੱਟ ਮਾਤਰਾ ’ਚ ਖ਼ਰੀਦਦਾਰੀ ਹੋਈ ਪਰ ਉੱਚੀਆਂ ਕੀਮਤਾਂ ਕਾਰਨ ਕੁੱਲ ਖ਼ਰਚਾ ਵਧ ਗਿਆ।
ਜਿਊਲਰੀ ਦੀ ਮੰਗ ’ਚ ਵੱਡੀ ਗਿਰਾਵਟ
ਵਰਲਡ ਗੋਲਡ ਕੌਂਸਲ ਮੁਤਾਬਕ ਅਪ੍ਰੈਲ-ਜੂਨ ਤਿਮਾਹੀ ’ਚ ਜਿਊਲਰੀ ਦੀ ਮੰਗ 15 ਫ਼ੀਸਦੀ ਘਟ ਕੇ 75.1 ਟਨ ਰਹਿ ਗਈ। ਐਕਸਪਰਟਸ ਦਾ ਕਹਿਣਾ ਹੈ ਕਿ ਇਹ ਸਮਾਂ ਆਮ ਤੌਰ ’ਤੇ ਵਿਆਹ-ਸ਼ਾਦੀਆਂ ਅਤੇ ਵੱਡੇ ਤਿਉਹਾਰਾਂ ਦਾ ਸੀਜ਼ਨ ਨਹੀਂ ਹੁੰਦਾ, ਇਸ ਲਈ ਵੀ ਖ਼ਰੀਦਦਾਰੀ ਕਮਜ਼ੋਰ ਰਹੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ਼ੈਰ-ਜ਼ਰੂਰੀ ਸੋਨੇ ਦੀ ਖ਼ਰੀਦ ਘੱਟ ਕਰਨ ਦੀ ਅਪੀਲ ਦਾ ਵੀ ਕੁਝ ਅਸਰ ਦੇਖਣ ਨੂੰ ਮਿਲਿਆ।
ਨਿਵੇਸ਼ ਲਈ ਸੋਨਾ ਹੁਣ ਵੀ ਪਸੰਦ
ਜਿੱਥੇ ਜਿਊਲਰੀ ਦੀ ਮੰਗ ਘਟੀ, ਉਥੇ ਹੀ ਨਿਵੇਸ਼ ਵਜੋਂ ਸੋਨੇ ਦੀ ਲੋਕਪ੍ਰਿਯਤਾ ਬਣੀ ਹੋਈ ਹੈ। ਗੋਲਡ ਬਾਰ ਅਤੇ ਸਿੱਕਿਆਂ ਦੀ ਮੰਗ ’ਚ 9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਗੋਲਡ ਈ. ਟੀ. ਐੱਫ. ’ਚ ਵੀ ਨਿਵੇਸ਼ ਵਧਿਆ। ਇਸ ਤੋਂ ਸਾਫ਼ ਹੈ ਕਿ ਮਹਿੰਗਾਈ ਅਤੇ ਗਲੋਬਲ ਬੇਨਿਯਮੀਆਂ ਦਰਮਿਆਨ ਲੋਕ ਅੱਜ ਵੀ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨ ਰਹੇ ਹਨ।
ਅੱਗੇ ਕੀ ਕਹਿੰਦੀ ਹੈ ਰਿਪੋਰਟ?
ਵਰਲਡ ਗੋਲਡ ਕੌਂਸਲ ਦਾ ਅੰਦਾਜ਼ਾ ਹੈ ਕਿ ਪੂਰੇ ਸਾਲ 2026 ’ਚ ਭਾਰਤ ਵਿਚ ਸੋਨੇ ਦੀ ਮੰਗ 650 ਤੋਂ 750 ਟਨ ਦਰਮਿਆਨ ਰਹਿ ਸਕਦੀ ਹੈ। ਜੇਕਰ ਆਉਣ ਵਾਲੇ ਮਹੀਨਿਆਂ ’ਚ ਸੋਨੇ ਦੀਆਂ ਕੀਮਤਾਂ ’ਚ ਕੁਝ ਨਰਮੀ ਆਉਂਦੀ ਹੈ ਅਤੇ ਕਸਟਮ ਡਿਊਟੀ ਘੱਟ ਹੁੰਦੀ ਹੈ ਤਾਂ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ’ਚ ਮੰਗ ਮੁੜ ਵਧ ਸਕਦੀ ਹੈ।
ਗਲੋਬਲ ਮੰਗ 1,269 ਟਨ ’ਤੇ ਸਥਿਰ
ਸੋਨੇ ਦੀ ਗਲੋਬਲ ਮੰਗ ਅਪ੍ਰੈਲ-ਜੂਨ ਤਿਮਾਹੀ ’ਚ ਸਾਲਾਨਾ ਆਧਾਰ ’ਤੇ ਲੱਗਭਗ ਸਥਿਰ ਰਹਿ ਕੇ 1,269 ਟਨ ਦਰਜ ਕੀਤੀ ਗਈ। ਰਿਪੋਰਟ ਅਨੁਸਾਰ ਸੋਨੇ ਦੀ ਕੀਮਤ ਦੇ ਇਸ ਸਾਲ ਦੀ ਸ਼ੁਰੂਆਤ ’ਚ ਰਿਕਾਰਡ ਉੱਚਾਈ ’ਤੇ ਪਹੁੰਚਣ ਤੋਂ ਬਾਅਦ ਕੁਝ ਨਰਮੀ ਆਈ ਹੈ। ਡਬਲਿਊ. ਜੀ. ਸੀ. ਦੀ 2026 ਦੀ ਦੂਜੀ (ਅਪ੍ਰੈਲ-ਜੂਨ) ਤਿਮਾਹੀ ’ਤੇ ਆਧਾਰਿਤ ‘ਕਿਊ2 2026 ਗੋਲਡ ਡਿਮਾਂਡ ਟ੍ਰੈਂਡਜ਼’ ਰਿਪੋਰਟ ਅਨੁਸਾਰ 2025 ਦੀ ਇਸੇ ਤਿਮਾਹੀ ’ਚ ਸੋਨੇ ਦੀ ਕੁੱਲ ਮੰਗ 1,268.6 ਟਨ ਸੀ।
ਸਾਲ 2026 ਦੀ ਪਹਿਲੀ (ਜਨਵਰੀ-ਜੂਨ) ਛਿਮਾਹੀ ’ਚ ਸੋਨੇ ਦੀ ਮੰਗ ਸਾਲਾਨਾ ਆਧਾਰ ’ਤੇ 2 ਫੀਸਦੀ ਵਧ ਕੇ ਅੰਦਾਜ਼ਨ 2,522 ਟਨ ਰਹੀ, ਜਿਸ ਦਾ ਮੁੱਲ 3,800 ਕਰੋੜ ਅਮਰੀਕੀ ਡਾਲਰ ਰਿਹਾ। ਦੂਜੀ ਤਿਮਾਹੀ ’ਚ ਗੋਲਡ ਈ. ਟੀ. ਐੱਫ. (ਐਕਸਚੇਂਜ ਟ੍ਰੇਡਿਡ ਫੰਡ), ਸੋਨੇ ਦੇ ਬਿਸਕੁਟ ਅਤੇ ਸਿੱਕਿਆਂ ’ਚ ਨਿਵੇਸ਼ ਘਟ ਕੇ 262 ਟਨ ਰਹਿ ਗਿਆ ਕਿਉਂਕਿ ਸੋਨੇ ਦੀਆਂ ਕੀਮਤਾਂ ’ਚ ਨਰਮੀ ਆਉਣ ਨਾਲ ਸਾਲ ਦੀ ਸ਼ੁਰੂਆਤ ’ਚ ਦੇਖੀ ਗਈ ਨਿਵੇਸ਼ ਦੀ ਮਜ਼ਬੂਤ ਰਫ਼ਤਾਰ ਹੌਲੀ ਪੈ ਗਈ।